ਪੰਜਾਬ ਦੇ ਰਾਜਪਾਲ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ.(ਡਾ.) ਰਾਜੀਵ ਸੂਦ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਡਾ. ਸੂਦ ਦੀ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਗਈ ਹੈ।
ਡਾ. ਸੂਦ ਕੋਲ ਮੈਡੀਕਲ ਪ੍ਰੈਕਟਿਸ ਵਿੱਚ 40 ਸਾਲਾਂ ਦਾ ਵਿਆਪਕ ਤਜਰਬਾ ਹੈ ਅਤੇ ਵੱਖ-ਵੱਖ ਸਮਰੱਥਾਵਾਂ ਵਿੱਚ ਇੱਕ ਅਮੀਰ ਪ੍ਰਸ਼ਾਸਕੀ ਅਨੁਭਵ ਹੈ। ਉਨ੍ਹਾਂ ਦੇ ਅਧਿਆਪਨ ਦੇ ਤਜ਼ਰਬੇ ਵਿੱਚ 26 ਸਾਲ ਪੋਸਟ ਐਮ.ਸੀ.ਐਚ ਅਤੇ 12 ਸਾਲ ਪ੍ਰੋਫੈਸਰ ਵਜੋਂ ਸ਼ਾਮਲ ਹਨ। ਉਹ ਸਾਢੇ ਪੰਜ ਸਾਲਾਂ ਤੋਂ ਡੀਨ ਪੀ.ਜੀ.ਆਈ.ਐਮ.ਈ.ਆਰ, ਦਿੱਲੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਏ.ਬੀ.ਵੀ.ਆਈ.ਐਮ.ਐਸ ਦੇ ਸੰਸਥਾਪਕ ਡੀਨ ਰਹੇ ਹਨ। ਉਹ 10 ਸਾਲਾਂ ਤੋਂ ਯੂਰੋ ਸਲਾਹਕਾਰ ਵਜੋਂ ਸੰਸਦ ਨਾਲ ਜੁੜੇ ਹੋਏ ਹਨ ਅਤੇ 5 ਸਾਲਾਂ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਰਹੇ ਹਨ।
ਡਾ. ਸੂਦ ਦੇ ਨਾਂਅ 50 ਤੋਂ ਵੱਧ ਪ੍ਰੋਜੈਕਟ
ਉਨ੍ਹਾਂ ਦੇ ਨਾਂਅ 50 ਤੋਂ ਵੱਧ ਖੋਜ ਪ੍ਰੋਜੈਕਟ ਹਨ ਅਤੇ ਉਨ੍ਹਾਂ ਨੇ 1000 ਥੀਸਿਸ ਅਤੇ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ। ਉਨ੍ਹਾਂ ਨੇ ਸਫਲਤਾਪੂਰਵਕ 500 ਤੋਂ ਵੱਧ ਵਰਕਸ਼ਾਪਾਂ/ਸਿਖਲਾਈ ਮਾਡਿਊਲਾਂ ਦਾ ਸੰਚਾਲਨ ਕੀਤਾ ਅਤੇ ਕਈ ਰਾਸ਼ਟਰੀ/ਅੰਤਰਰਾਸ਼ਟਰੀ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਡਾ. ਰਾਜੀਵ ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਪੀ.ਜੀ.ਐਮ.ਆਈ.ਈ.ਆਰ-ਦਿੱਲੀ ਤੋਂ ਐਮ.ਐਸ. (ਜਨਰਲ ਸਰਜਰੀ) ਪਾਸ ਕੀਤੀ ਅਤੇ ਬਾਅਦ ਵਿੱਚ ਏਮਜ਼, ਨਵੀਂ ਦਿੱਲੀ ਤੋਂ ਐਮ.ਸੀ.ਐਚ (ਯੂਰੋਲੋਜੀ) ਕੀਤੀ।
ਸੁਖਪਾਲ ਖਹਿਰਾ ਨੇ CM ਭਗਵੰਤ ਮਾਨ ‘ਤੇ ਸਾਧਿਆ ਨਿਸ਼ਾਨਾ
ਕਾਂਗਰਸੀ ਆਗੂ ਅਤੇ ਭੋਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਇਆ ਕਿ ਇੱਕ ਵਾਰ ਫਿਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਅੱਗੇ ਝੁਕ ਕੇ ਡਾ: ਰਾਜੀਵ ਸੂਦ (ਦਿੱਲੀ) ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ BFUHS ਦਾ VC ਨਿਯੁਕਤ ਕੀਤਾ। ਉਨ੍ਹਾਂ ਡਾ ਕਹਿਣਾ ਇਸ ਕਦਮ ਨਾਲ CM ਮਾਨ ਨੇ “ਪੀਜੀਆਈ ਦੇ ਉੱਘੇ ਪੰਜਾਬੀ ਡਾਕਟਰਾਂ ਦੇ ਦਾਅਵਿਆਂ ਨੂੰ ਵੀ ਨਜ਼ਰਅੰਦਾਜ਼ ਕਰਦਿਆਂ UGC ਦੇ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਜਿਸ ਮੁਤਾਬਕ VC 65 ਸਾਲ ਦੀ ਉਮਰ ਤੋਂ ਉੱਪਰ ਨਹੀਂ ਹੋਣਾ ਚਾਹੀਦਾ।” ਖਹਿਰਾ ਦਾ ਕਹਿਣਾ ਕਿ ਪੀਜੀਆਈ ‘ਚ ਲਗਭਗ 35 ਉੱਘੇ ਮੈਡੀਕਲ ਵਿਗਿਆਨੀ ਸਨ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਪਰ ਉਨ੍ਹਾਂ ਦੀ ਯੋਗਤਾ ਦੇ ਸਾਰੇ ਦਾਅਵਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਤੇ ਪੰਜਾਬੀ ਉਮੀਦਵਾਰਾਂ ਦੇ ਲਾਇਕ ਦਿੱਲੀ ਦੇ ਇੱਕ ਡਾਕਟਰ ਨੂੰ VC ਨਿਯੁਕਤ ਕੀਤਾ ਗਿਆ ਹੈ। ਇਹ ਪੰਜਾਬ ਨਾਲ ਘੋਰ ਵਿਤਕਰਾ ਹੈ ਅਤੇ ਭਗਵੰਤ ਮਾਨ ਦਾ ਦਿੱਲੀ ਅੱਗੇ ਸਮਰਪਣ ਹੈ।