ਲੁਧਿਆਣਾ: ਸ਼ਹਿਰ ਵਿੱਚ ਕਰੋੜਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਲੁਟੇਰਿਆਂ ਵੱਲੋਂ ਕਰੀਬ 7 ਕਰੋੜ ਰੁਪਏ ਲੁੱਟੇ ਗਏ ਹਨ ਜੋ ਗਿਣਤੀ ਵਿੱਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੁਧਿਆਣਾ ਤੋਂ 20 ਕਿਲੋਮੀਟਰ ਦੂਰ ਪਿੰਡ ਮੁੱਲਾਂਪੁਰ ਨੇੜੇ ਜੰਗਲ ਤੋਂ ਖਾਲੀ ਵੈਨ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵੈਨ ‘ਚੋਂ ਤੇਜ਼ਧਾਰ ਹਥਿਆਰ ਅਤੇ ਦੋ ਪਿਸਤੌਲ ਵੀ ਬਰਾਮਦ ਹੋਏ ਹਨ।
ਕਮਿਸ਼ਨਰ ਦੇ ਅਨੁਸਾਰ, ਇੱਕ ਮੁਲਜ਼ਮ ਇਮਾਰਤ ਦੇ ਪਿਛਲੇ ਪਾਸਿਓਂ ਦਾਖਲ ਹੋਇਆ ਅਤੇ ਬਾਕੀ ਮੁੱਖ ਗੇਟ ਰਾਹੀਂ ਦਾਖਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਨੇ ਬਹੁਤ ਹੀ ਲਾਪਰਵਾਹੀ ਦਿਖਾਈ ਹੈ ਕਿਉਂਕਿ ਇੰਨੀ ਵੱਡੀ ਰਕਮ ਕਮਰਿਆਂ ਦੇ ਸਾਹਮਣੇ ਖੁੱਲ੍ਹੇ ਵਿੱਚ ਰੱਖੀ ਹੋਈ ਸੀ। ਜਿਸ ਦੀ ਕੀਮਤ 10 ਕਰੋੜ ਦੇ ਕਰੀਬ ਹੋਵੇਗੀ। ਉਸ ਵਿਚੋਂ ਸੱਤ ਕਰੋੜ ਲੁਟੇਰੇ ਲੈ ਗਏ।
ਭਾਵੇਂ ਪੁਲਿਸ ਨੇ ਕੈਸ਼ ਵੈਨ ਤਾਂ ਬਰਾਮਦ ਕਰ ਲਈ ਪਰ ਅਜੇ ਤੱਕ ਪੈਸੇ ਬਰਾਮਦ ਨਹੀਂ ਹੋਏ। ਕੈਸ਼ ਟਰਾਂਸਫਰ ਕਰਨ ਵਾਲੀ ਕੰਪਨੀ ਨੇ ਪੁਲਿਸ ਨੂੰ ਦੱਸਿਆ ਕਿ ਲੁਟੇਰੇ ਸੈਂਸਰ ਦੀਆਂ ਤਾਰਾਂ ਨੂੰ ਹਟਾ ਕੇ ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਹਨ।
ਪੁਲਿਸ ਇਸ ਮਾਮਲੇ ਵਿੱਚ ਕੈਸ਼ ਟਰਾਂਸਫਰ ਕੰਪਨੀ ਵੱਲੋਂ ਦਿੱਤੀ ਗਈ ਢਿੱਲ ’ਤੇ ਵੀ ਸਵਾਲ ਉਠਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਰਾਤ ਡੇਢ ਵਜੇ ਦੀ ਹੈ, ਜਦਕਿ ਪੁਲਿਸ ਨੂੰ ਸਵੇਰੇ 7 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਮੁਤਾਬਕ ਨਗਦੀ ਤਿਜੋਰੀ ਵਿੱਚ ਨਹੀਂ ਸਗੋਂ ਕਮਰੇ ਵਿੱਚ ਖੁੱਲ੍ਹੇ ਵਿੱਚ ਰੱਖੀ ਗਈ ਸੀ।
ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਅਨੁਸਾਰ 9-10 ਲੁਟੇਰੇ ਸਨ। ਇੱਕ ਵਿਅਕਤੀ ਪਿਛਲੇ ਪਾਸਿਓਂ ਦਫ਼ਤਰ ਵਿੱਚ ਦਾਖ਼ਲ ਹੋਇਆ। ਬਾਕੀ ਸਾਰੇ ਸਾਹਮਣੇ ਤੋਂ ਅੰਦਰ ਆ ਗਏ। ਇਸ ਮਾਮਲੇ ਵਿੱਚ ਇੱਕ ਔਰਤ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।