Keep Your Heart Healthy: ਦੁਨੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਨਾਲ ਲੋਕ ਪੀੜਤ ਹਨ ਤੇ ਜਾਂ ਬਚਾਅ ਵਿੱਚ ਲੱਗੇ ਹੋਏ ਹਨ। ਪਰ ਕੁਝ ਬਿਮਾਰੀਆਂ ਅਜਿਹੀਆਂ ਵੀ ਹਨ ਜੋ ਸਿੱਧਾ ਜਾਨ ਦੇ ਜੋਖਮ ਨੂੰ ਵਧਾਉਂਦੀਆਂ ਹਨ। ਬਿਮਾਰੀ ਤੋਂ ਬਾਅਦ ਤਾਂ ਵਿਅਕਤੀ ਇਲਾਜ ‘ਤੇ ਨਿਰਭਰ ਹੁੰਦਾ ਹੈ ਪਰ ਸਮਾਂ ਰਹਿੰਦਿਆਂ ਕੁਝ ਸਾਵਧਾਨੀਆਂ ਵਰਤ ਕੇ ਕੁਝ ਜਾਨਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹੁਣ ਜੇਕਰ ਦਿਲ ਦੀ ਬਿਮਾਰੀ ਦੀ ਗੱਲ ਕਰੀਏ ਤਾਂ ਇਹ ਵੀ ਜਾਨ ਦੇ ਜੋਖਮ ਨੂੰ ਵਧਾ ਸਕਦੀ ਹੈ। ਦੇਖਿਆ ਜਾਵੇ ਤਾਂ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਵਿਅਕਤੀ ਦਿਲ ਦੀ ਬਿਮਾਰੀ ਨਾਲ ਜੂਝ ਰਿਹਾ ਹੈ।
ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਦਿਲ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਦਿਲ ਨੂੰ ਸਿਹਤਮੰਦ ਰੱਖਣ ਲਈ ਲੋਕ ਕਸਰਤ, ਯੋਗਾ ਅਤੇ ਹੋਰ ਸਰੀਰਕ ਗਤੀਵਿਧੀਆਂ ਕਰਦੇ ਹਨ। ਇਨ੍ਹਾਂ ਸਾਰੀਆਂ ਗਤੀਵਿਧੀਆਂ ਕਾਰਨ ਦਿਲ ਨੂੰ ਆਕਸੀਜਨ ਆਸਾਨੀ ਨਾਲ ਮਿਲਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਿਲ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਸਿਰਫ਼ ਕਸਰਤ ਹੀ ਕਾਫ਼ੀ ਨਹੀਂ ਹੈ। ਇਸ ਤੋਂ ਇਲਾਵਾ ਕਈ ਗੱਲਾਂ ਦਾ ਧਿਆਨ ਰੱਖ ਕੇ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
ਦੰਦ ਸਾਫ਼ ਰੱਖੋ
ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸਰੀਰ ਦੀ ਸਾਫ-ਸਫਾਈ। ਜੀ ਹਾਂ ਸਾਡੇ ਸਰੀਰ ਦੇ ਸਾਰੇ ਅੰਗਾਂ ਦੀ ਸਫਾਈ ਹੀ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੇ ਹਨ। ਦਿਲ ਦੀ ਸਿਹਤ ਨਾਲ ਸਬੰਧਿਤ ਅੰਗਾਂ ਵਿੱਚ ਦੰਦ ਵੀ ਸ਼ਾਮਲ ਹਨ। ਜੀ ਹਾਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਪਰ ਦੰਦਾਂ ਦੀ ਸਿਹਤ ਦਾ ਤੁਹਾਡੇ ਦਿਲ ਨਾਲ ਸਿੱਧਾ ਸਬੰਧ ਹੈ।
ਤੁਹਾਡੇ ਦੰਦਾਂ ਵਿੱਚ ਬਣੇ ਬੈਕਟੀਰੀਆ ਨੂੰ ਟੁੱਥ ਬਰਸ਼ ਦੀ ਵਰਤੋਂ ਕਰਕੇ ਹਟਾਇਆ ਜਾ ਸਕਦਾ ਹੈ। ਜੇਕਰ ਉਸ ਬੈਕਟੀਰੀਆ ਨੂੰ ਸਮੇਂ ਸਿਰ ਸਾਫ਼ ਨਾ ਕੀਤਾ ਜਾਵੇ ਤਾਂ ਉਹ ਮੂੰਹ ਰਾਹੀਂ ਖ਼ੂਨ ਦੀ ਧਾਰਾ ਤੱਕ ਪਹੁੰਚ ਸਕਦੇ ਹਨ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਜੋਖਣ ਵੱਧ ਸਕਦਾ ਹੈ। ਇਸ ਲਈ ਤੁਹਾਨੂੰ ਦਿਨ ਵਿੱਚ ਘੱਟੋ-ਘੱਟ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ।
ਪੂਰੀ ਨੀਂਦ ਲੈਣਾ ਜ਼ਰੂਰੀ ਹੈ
ਦਿਲ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਸਰੀਰ ਦਾ ਤੰਦਰੁਸਤ ਹੋਣਾ। ਜੇਕਰ ਸਰੀਰ ਵਿੱਚ ਥਕਾਵਟ ਰਹੇਗੀ ਤਾਂ ਦਿਲ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਦਿਲ ਤੇ ਸਰੀਰ ਦੋਨਾ ਲਈ ਆਰਾਮ ਜ਼ਰੂਰੀ ਹੈ। ਇਕ ਰਿਸਰਚ ਮੁਤਾਬਕ ਜੋ ਲੋਕ ਦਿਨ ਵਿਚ ਸਿਰਫ 6 ਘੰਟੇ ਸੌਂਦੇ ਹਨ, ਉਨ੍ਹਾਂ ਨੂੰ ਹਾਰਟ ਅਟੈਕ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੀ ਥਾਂ 7 ਘੰਟੇ ਦੀ ਨੀਂਦ ਲੈਣ ਵਾਲੇ ਲੋਕਾਂ ਵਿੱਚ ਇਹ ਖਤਰਾ ਘੱਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜਿੰਨੀ ਚੰਗੀ ਨੀਂਦ ਲੈਂਦੇ ਹਾਂ, ਸਾਡਾ ਦਿਲ ਓਨਾ ਹੀ ਸਿਹਤਮੰਦ ਰਹਿੰਦਾ ਹੈ। ਰਾਤ ਨੂੰ ਦੇਰ ਤੱਕ ਜਾਗਣ ਦੀ ਬਜਾਏ ਸਮੇਂ ਸਿਰ ਸੌਣਾ ਤੇ ਸਹੀ ਨੀਂਦ ਲੈਣਾ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖੇਗਾ। ਇੰਨਾ ਹੀ ਨਹੀਂ ਸਗੋਂ ਇਸ ਨਾਲ ਦਿਲ ਦੀ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਬਿਹਤਰ ਹੋਵੇਗੀ।
ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ
ਦਿਲ ਨੂੰ ਸਿਹਤਮੰਦ ਰੱਖਣ ਲਈ ਭੋਜਨ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਬਲਕਿ ਦਿਲ ਦੀ ਸਿਹਤ ਲਈ ਸਿਹਤਮੰਦ ਭੋਜਨ ਕਰਨਾ ਬਹੁਤ ਜ਼ਰੂਰੀ ਹੈ। ਤਲਿਆ ਹੋਇਆ ਜਾਂ ਭਾਰੀ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ। ਕਲੀਵਲੈਂਡ ਕਲੀਨਿਕ ਦੀ ਰਿਪੋਰਟ ਮੁਤਾਬਕ ਤਲੇ ਹੋਏ ਭੋਜਨ ਖਾਣ ਨਾਲ ਸਾਡੇ ਲੀਵਰ ‘ਚ ਕੋਲੈਸਟ੍ਰਾਲ ਦੀ ਮਾਤਰਾ ਵੱਧ ਜਾਂਦੀ ਹੈ। ਇਹ ਕੋਲੈਸਟ੍ਰੋਲ ਸਾਡੇ ਦਿਲ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਹ ਪਦਾਰਥ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾਂ ਹੋ ਕੇ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤਲੇ ਹੋਏ ਭੋਜਨ ਦੀ ਬਜਾਏ ਤੁਸੀਂ ਸਬਜ਼ੀਆਂ ਅਤੇ ਫਲਾਂ ਨਾਲ ਭਰਪੂਰ ਖੁਰਾਕ ਲੈ ਸਕਦੇ ਹੋ। ਫਲ ਅਤੇ ਸਬਜ਼ੀਆਂ ਦਿਲ ਨੂੰ ਸਿਹਤਮੰਦ ਬਣਾਉਂਦੀਆਂ ਹਨ।
ਸਿਗਰਟਨੋਸ਼ੀ ਤੋਂ ਦੂਰੀ ਬਣਾਓ
ਕਿਸੇ ਵੀ ਕਿਸਮ ਦਾ ਨਸ਼ਾ ਸਿਹਤ ਲਈ ਖਤਰਨਾਕ ਹੁੰਦਾ ਹੈ। ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਲਈ ਜਾਨ ਦਾ ਜੋਖਮ ਤਾਂ ਹੁੰਦਾ ਹੀ ਹੈ ਸਗੋਂ ਅਜਿਹੇ ਵਿਅਕਤੀ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਸਿਗਰਟ ਦਾ ਧੂੰਆਂ ਤੁਹਾਡੇ ਦਿਲ ਲਈ ਕਾਫੀ ਘਾਤਕ ਸਾਬਤ ਹੋ ਸਕਦਾ ਹੈ। ਇੱਕ ਰਿਸਰਚ ਮੁਤਾਬਕ ਜੋ ਲੋਕ ਸਿਗਰਟ ਪੀਂਦੇ ਹਨ, ਉਨ੍ਹਾਂ ਨੂੰ ਜ਼ਿਆਦਾਤਰ ਦਿਲ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਦਿਲ ਦੀ ਉਮਰ ਵੀ ਛੋਟੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣਾ ਵੀ ਦਿਲ ਦੀ ਸਿਹਤ ਲਈ ਖ਼ਤਰਨਾਕ ਹੈ। ਇਸ ਲਈ ਅੱਜ ਤੋਂ ਹੀ ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ।
ਸਰੀਰਕ ਗਤੀਵਿਧੀ ਦੀ ਪਾਓ ਆਦਤ
ਇੰਨਾ ਸਭ ਚੀਜ਼ਾਂ ਤੋਂ ਬਾਅਦ ਇੱਕ ਹੋਰ ਚੀਜ਼ ਹੈ ਜੋ ਤੁਹਾਡੇ ਦਿਲ ਦੀ ਸਿਹਤ ਨਾਲ ਸਿੱਧਾ ਸਬੰਧ ਰੱਖਦੀ ਹੈ। ਸਿਹਤਮੰਦ ਭੋਜਨ, ਭਰਪੂਰ ਨੀਂਦ ਤੋਂ ਇਲਾਵਾ ਕਸਰਤ ਵੀ ਦਿਲ ਦੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਅਜ ਕਲ ਘਰੋਂ ਕੰਮ ਕਰਨ ਦਾ ਰੁਝਾਨ ਵਧਿਆ ਹੋਇਆ ਹੈ ਜਿਸ ਕਾਰਨ ਲੋਕਾਂ ਦੀ ਸਰੀਰਕ ਗਤੀਵਿਧੀ ਘੱਟ ਹੋ ਗਈ ਹੈ। ਦਫਤਰੀ ਕਿੱਤੇ ਨਾਲ ਜੁੜੇ ਲੋਕ ਅਕਸਰ ਕਈ ਘੰਟੇ ਕੁਰਸੀ ‘ਤੇ ਬੈਠੇ ਰਹਿੰਦੇ ਹਨ।
ਇਸ ਕਾਰਨ ਉਨ੍ਹਾਂ ਦੇ ਸਰੀਰ ‘ਚ ਕਈ ਥਾਵਾਂ ‘ਤੇ ਅਕੜਾਅ ਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦਾ ਖੂਨ ਦਾ ਪ੍ਰਵਾਹ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਹਰ ਰੋਜ਼ 30 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ। ਜੇ ਇਹ ਸੰਭਵ ਨਹੀਂ ਹੈ, ਤਾਂ ਲਗਭਗ 30 ਮਿੰਟ ਪੈਦਲ ਚੱਲਣ ਦੀ ਆਦਤ ਜ਼ਰੂਰ ਅਪਣਾਓ। ਜੀਵਨਸ਼ੈਲੀ ਵਿੱਚ ਇਨ੍ਹਾਂ ਛੋਟੇ-ਮੋਟੇ ਬਦਲਾਵਾਂ ਨਾਲ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਤੋਂ ਬਚਿਆ ਜਾ ਸਕਦਾ
ਡਾ ਕੋਮਲਪ੍ਰੀਤ ਕੌਰ
ਮੈਡੀਕਲ ਅਫਸਰ ਆਮ ਆਦਮੀ ਕਲੀਨਿਕ
ਵਾਰਡ 38 ਲੁਧਿਆਣਾ