ਲੁਧਿਆਣਾ ਦੇ ਸਮਰਾਲਾ ਦੇ ਪਿੰਡ ਨਜਦੀਕ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ਭਿਆਨਕ ਸੜਕ ਹਾਦਸਾ ਵਾਪਰਿਆ। ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਹੇ ਏਸੀਪੀ ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ। ਜਦਕਿ ਇੱਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਅਤੇ ਗੰਨਮੈਨ ਦੀ ਪਛਾਣ ਪਰਮਜੋਤ ਵਜੋਂ ਹੋਈ ਹੈ। ਜਦੋਂ ਡੀਐਮਸੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਹਾਦਸਾ ਦੇਰ ਰਾਤ ਸਮਰਾਲਾ ਦੇ ਦਿਆਲਪੁਰਾ ਬਾਈਪਾਸ ‘ਤੇ ਵਾਪਰਿਆ। ਪੁਲਿਸ ਮੁਲਾਜ਼ਮਾਂ ਦੀ ਫਾਰਚੂਨਰ ਕਾਰ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਫਾਰਚੂਨਰ ਕਾਰ ਨੂੰ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਲੁਧਿਆਣਾ ਵਿੱਚ ਤਾਇਨਾਤ ਏ.ਸੀ.ਪੀ. ਸੰਦੀਪ ਸਿੰਘ ਅਤੇ ਉਸ ਦੇ ਗੰਨਮੈਨ ਦੀ ਮੌਤ ਹੋ ਗਈ ਹੈ ਜਦਕਿ ਪੁਲਿਸ ਅਧਿਕਾਰੀ ਦੀ ਗੱਡੀ ਦੇ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਲੁਧਿਆਣਾ ਦੀ ਪੂਰਬੀ ਸਬ-ਡਵੀਜ਼ਨ ਵਿੱਚ ਤਾਇਨਾਤ ਏ.ਸੀ.ਪੀ ਸੰਦੀਪ ਸਿੰਘ ਆਪਣੇ ਗੰਨਮੈਨ ਪ੍ਰਭਜੋਤ ਸਿੰਘ ਅਤੇ ਡਰਾਈਵਰ ਨਾਲ ਫਾਰਚੂਨਰ ਕਾਰ ਵਿੱਚ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਸਮਰਾਲਾ ਦੇ ਪਿੰਡ ਦਿਆਲਪੁਰਾ ਨੇੜੇ ਹਾਈਵੇਅ ‘ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਫਾਰਚੂਨਰ ਬੇਕਾਬੂ ਹੋ ਗਿਆ ਅਤੇ ਕਾਰ ਨੂੰ ਅੱਗ ਲੱਗ ਗਈ।
ਕਾਰ ਵਿੱਚ ਬੈਠੇ ਏਸੀਪੀ ਅਤੇ ਉਸ ਦਾ ਗੰਨਮੈਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਕਾਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਸ ਕਾਰਨ ਦੋਵੇਂ ਜ਼ਿੰਦਾ ਸੜ ਗਏ। ਆਸ-ਪਾਸ ਦੇ ਲੋਕਾਂ ਨੇ ਕਾਰ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ ਅਤੇ ਕਾਰ ਦੇ ਦਰਵਾਜ਼ੇ ਖੋਲ੍ਹੇ। ਉਦੋਂ ਤੱਕ ਦੋਵੇਂ ਸੜ ਚੁੱਕੇ ਸਨ। ਲੋਕਾਂ ਨੇ ਹੀ ਜ਼ਖਮੀ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ਪੂਰੀ ਤਰ੍ਹਾਂ ਸੜ ਗਈ ਹੈ। ਥਾਣਾ ਸਮਰਾਲਾ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।