ਲੁਧਿਆਣਾ, 9 ਨਵੰਬਰ: (ਪ੍ਰਿਤਪਾਲ ਸਿੰਘ ਪਾਲੀ) ਮਿਆਰੀ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਟੀਚੇ ਨਾਲ ਅੱਗੇ ਵਧਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਨੀਵਾਰ ਨੂੰ 1.59 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਲਗਭਗ 33.73 ਲੱਖ ਰੁਪਏ ਦੀ ਲਾਗਤ ਨਾਲ ਮੇਨ ਸੁੰਦਰ ਨਗਰ ਰੋਡ ਤੋਂ 70 ਫੁੱਟ ਸੜਕ (ਵਾਰਡ ਨੰ. 8 ਅਤੇ 10) ਤੱਕ ਸੈਂਟਰਲ ਵਰਜ ਨੂੰ ਮੁੜ ਬਣਾਉਣ ਦਾ ਪ੍ਰੋਜੈਕਟ; ਘਾਟੀ ਵਾਲਮੀਕੀ, ਘਾਟੀ ਜੀਵਾ ਰਾਮ ਅਤੇ ਵਕੀਲਾਂ ਮੁਹੱਲਾ (ਨਵਾਂ ਵਾਰਡ ਨੰ. 83 ਅਤੇ ਪੁਰਾਣਾ ਵਾਰਡ ਨੰ. 61) ਵਿੱਚ ਲਗਭਗ 52.09 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਮੁੜ ਉਸਾਰੀ ਦਾ ਪ੍ਰੋਜੈਕਟ; ਘਾਟੀ ਜੀਵਾ ਰਾਮ (ਨਵਾਂ ਵਾਰਡ ਨੰ. 83 ਅਤੇ ਪੁਰਾਣਾ ਵਾਰਡ ਨੰ. 61) ਵਿੱਚ 49.15 ਲੱਖ ਰੁਪਏ ਦੀ ਲਾਗਤ ਨਾਲ ਪਾਣੀ-ਸੀਵਰ ਲਾਈਨ ਵਿਛਾਉਣ ਦਾ ਪ੍ਰੋਜੈਕਟ; ਹਰਗੋਬਿੰਦ ਨਗਰ ਦੀ ਗਲੀ ਨੰਬਰ 11 (ਨਵਾਂ ਵਾਰਡ ਨੰ. 80 ਅਤੇ ਪੁਰਾਣਾ ਵਾਰਡ ਨੰ. 55) ਵਿੱਚ 12.22 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ 25 ਐਚ.ਪੀ ਟਿਊਬਵੈੱਲ ਦਾ ਉਦਘਾਟਨ ਅਤੇ ਇਸਲਾਮ ਗੰਜ (ਨਵਾਂ ਵਾਰਡ ਨੰ. 75 ਅਤੇ ਪੁਰਾਣਾ ਵਾਰਡ ਨੰ. 52) ਵਿੱਚ ਲਗਭਗ 12.34 ਲੱਖ ਦੀ ਲਾਗਤ ਨਾਲ 25 ਐਚ.ਪੀ ਦਾ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਸ਼ਾਮਲ ਹਨ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਵਿਕਾਸ ਕਾਰਜਾਂ ਦੀ ਮੰਗ ਕਰ ਰਹੇ ਹਨ ਪਰ ਕਿਸੇ ਨੇ ਵੀ ਇਨ੍ਹਾਂ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ। ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਹ ਮੁੱਦੇ ਅਧਿਕਾਰੀਆਂ ਕੋਲ ਉਠਾਏ ਸਨ ਅਤੇ ਹੁਣ ਲੁਧਿਆਣਾ ਸੈਂਟਰਲ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਕੀਤੇ ਜਾ ਰਹੇ ਹਨ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਲੁਧਿਆਣਾ ਸੈਂਟਰਲ ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਦੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ।