ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਹੋਵੇਗਾ ਅਸਤੀਫੇ ਦੀ ਪ੍ਰਵਾਨਗੀ ਤੇ ਫੈਸਲਾ
ਲੁਧਿਆਣਾ, 16 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ )। ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਦੇ ਅਸਤੀਫੇ ਦਾ ਚਲ ਰਹੀ ਮੰਗ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸਜਾ ਸੁਣਾਏ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਇਸਦੀ ਪੁਸ਼ਟੀ ਕੀਤੀ।
ਐਡਵੋਕੇਟ ਘੁੰਮਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਹਰ ਸਾਲ 14 ਦਸੰਬਰ ਨੂੰ ਚੋਣ ਹੁੰਦੀ ਹੈ। ਜਿਸਦੇ ਵਿੱਚ ਪਾਰਟੀ ਦੇ ਸਾਰੇ ਡੈਲੀਗੇਟਸ ਹਿੱਸਾ ਲੈਂਦੇ ਹਨ। ਪਾਰਟੀ ਦੇ ਜਿਹੜੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਨਹੀਂ ਕੱਢਿਆ ਗਿਆ, ਉਹ ਵੀ ਬਤੌਰ ਡੈਲੀਗੇਟਸ ਇਸ ਚੋਣ ਵਿੱਚ ਹਿੱਸਾ ਲੈ ਸਕਦੇ ਹਨ। ਇਹ ਚੋਣ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਿਰ ਸਾਹਿਬ ਦੇ ਸਾਹਮਣੇ ਬਣੇ ਹਾਲ ਵਿੱਚ ਹੁੰਦੀ ਹੈ। ਉਹਨਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸਨੂੰ ਪ੍ਰਵਾਨ ਕਰਨ ਜਾਂ ਨਾ ਕਰਨ ਦਾ ਫੈਸਲਾ ਪਾਰਟੀ ਦੀ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਵੈਸੇ ਸੁਖਬੀਰ ਸਿੰਘ ਬਾਦਲ ਹੁਣ 14 ਦਸੰਬਰ ਤੱਕ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ। ਕਿਓੰਕਿ ਵਾਰ-ਵਾਰ ਵਿਰੋਧੀ ਧਿਰਾਂ ਵੱਲੋਂ ਉਹਨਾਂ ਦੇ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਬਤੌਰ ਪਾਰਟੀ ਪ੍ਰਧਾਨ ਉਹ ਉਹਨਾਂ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਮਿਲਣ ਵਾਲੀ ਸਜਾ ਵਿੱਚ ਦਖਲ-ਅੰਦਾਜੀ ਕਰ ਸਕਦੇ ਹਨ। ਐਡਵੋਕੇਟ ਘੁੰਮਣ ਨੇ ਕਿਹਾ ਕਿ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਕਿਸੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਨਹੀਂ ਟੇਕਿਆ। ਇੱਥੋਂ ਤੱਕ ਕਿ ਗੁਰਪੁਰਬ ਮੌਕੇ ਵੀ ਉਹਨਾਂ ਨੇ ਅੰਮ੍ਰਿਤਧਾਰੀ ਸਿਖ ਹੋਣ ਦੇ ਨਾਤੇ ਆਪਣੇ ਘਰ ਵਿੱਚ ਹੀ ਪਾਠ ਕੀਤਾ ਹੈ। ਉਹਨਾਂ ਨੂੰ ਇਹ ਗੱਲ ਅੰਦਰੋਂ-ਅੰਦਰੀ ਪਰੇਸ਼ਾਨ ਕਰ ਰਹੀ ਹੈ। ਉਹਨਾਂ ਨੇ ਬਤੌਰ ਪ੍ਰਧਾਨ ਸਭ ਗਲਤੀਆਂ ਅਪਣੀ ਝੋਲੀ ਪਾ ਲਈਆਂ ਹਨ ਪਰ ਜੋ ਸ਼ਿਕਾਇਤਕਰਤਾ ਹਨ ਉਹਨਾਂ ਨੇ ਤਾਂ ਵਜਾਰਤ ਵਿਚ ਉਹੀ ਗਲਤੀਆਂ ਕੀਤੀਆਂ ਪਰ ਕੋਈ ਮਾਫੀ ਨਹੀ ਮੰਗੀ ਪਰ ਸਿਰਫ ਤੇ ਸਿਰਫ ਲੋਕਾਂ ਵਿਚ ਬਦਨਾਮ ਕਰਨ ਲਈ ਝੂਠੀਆਂ ਤੇ ਬੇਬੁਨਿਆਦ ਜਨਤਕ ਖਬਰਾਂ ਲਗਵਾਉਂਦੇ ਰਹੇ ਨੇ। ਹੁਣ ਬਹੁਤ ਜਲਦੀ ਉਹਨਾਂ ਦੇ ਘਰ ਵਿਚ ਬੇਟੀ ਦੇ ਆਨੰਦ ਕਾਰਜ ਹੋਣੇ ਹਨ ਅਤੇ ਉਹਨਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਵੀ ਲੈਣਾ ਹੈ ਪਰ ਤਨਖਾਹ ਨਾ ਲੱਗਣ ਕਰ ਕੇ ਉਹਨਾਂ ਦੀ ਮਜ਼ਬੂਰੀ ਹੈ ਕਿ ਉਹ ਮਹਾਰਾਜ ਸਾਹਿਬ ਦੀ ਤਾਬਿਆ ਵਿਚ ਨਹੀ ਬੈਠ ਸੱਕਦੇ ਅਤੇ ਸਿੰਘ ਸਾਹਿਬਾਨ ਵੀ ਤਨਖਾਹ ਲਗਾਉਣ ਵਿਚ ਹਾਲੇ ਵਕਤ ਲੱਗਾ ਰਹੇ ਹਨ l ਏਨਾ ਕਾਰਨਾਂ ਕਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਜਾਇਜ਼ ਹੈ। ਮੇਰੇ ਸਮੇਤ ਪਾਰਟੀ ਦੇ ਲੱਗਭੱਗ ਸਾਰੇ ਆਗੂ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਅਹੁਦੇ ਤੇ ਚੋਣ ਲੜਨ। ਇਸਦੇ ਨਾਲ ਲੋਕਾਂ ਸਾਹਮਣੇ ਸਥਿੱਤੀ ਵੀ ਸਪਸੱਟ ਹੋ ਜਾਵੇਗੀ। ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਵਿਰੋਧੀ ਧਿਰ ਦੇ ਲੋਕ ਵੀ ਇਹ ਚੋਣ ਲੜ ਸਕਦੇ ਹਨ, ਜੋ ਪੂਰੀ ਤਰਾਂ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ।
ਫੋਟੋ – ਐਡਵੋਕੇਟ ਪਰਉਪਕਾਰ ਸਿੰਘ ਘੁੰਮਣ।