ਲੁਧਿਆਣਾ 17 ਨਵੰਬਰ (ਪ੍ਰਿਤਪਾਲ ਸਿੰਘ ਪਾਲੀ) ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਤ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਹਫਤਾਵਾਰੀ ਨਾਮ ਰਸ ਸਮਾਗਮ ਦੌਰਾਨ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਗੁਰਬਾਣੀ ਸ਼ਬਦਾ ਦੇ ਹਵਾਲਿਆਂ ਨਾਲ ਹਲੂਣਾ ਦਿੰਦੇ ਪ੍ਰਵਚਨਾਂ ਦੁਆਰਾ ਸਮਝਾਇਆ ਕਿ ਅਸੀਂ ਆਪਣੇ ਜੀਵਨ ਦਾ ਲੇਖਾ-ਜੋਖਾ ਕਰੀਏ ਅਤੇ ਪੜਚੋਲੀਏ ਕਿ ਕੀ ਅਸੀਂ ਗੁਰੂ ਸਾਹਿਬ ਜੀ ਨੇ ਦਿੱਤੇ ਆਦੇਸ਼ਾਂ ਅਨੁਸਾਰ ਚਲਦੇ ਹਾਂ? ਕਿਉਕਿ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਅੰਮ੍ਰਿਤ ਦਾ ਵਪਾਰੀ ਬਣਾਇਆ ਤੇ ਨਾਮ ਦਾ ਰਸ ਛਕਣ ਦੀ ਤਾਕੀਦ ਕੀਤੀ ਸੀ, ਪਰ ਅਸੀਂ ਤਾਂ ਅੰਮ੍ਰਿਤ ਛੱਡ ਕੇ ਹੋਰ ਨਸ਼ਿਆਂ ਨੂੰ ਹੀ ਧਰਮ ਸਮਝੀ ਬੈਠੇ ਹਾਂ! ਅਸੀਂ ਅਖੰਡ ਪਾਠ ਤਾਂ ਕਰਵਾ ਲੈਂਦੇ ਹਨ ਪਰ ਕੀ ਗੁਰਬਾਣੀ ਦੇ ਦਰਸਾਏ ਮਾਰਗ ਤੇ ਚਲਦੇ ਹਾਂ? ਬਾਬਾ ਜੀ ਨੇ ਹਲੂਣਿਆ ਕਿ ਅਸੀਂ ਨਾਮ ਦਾ ਰਸ ਕਦੋਂ ਪੀਵਾਂਗੇ? ਕੀ ਗੁਰੂ ਉਪਦੇਸ਼ ਨਹੀਂ ਮੰਨਣੇ, ਗੁਰੂ ਦੇ ਹੁਕਮਾਂ ਅਨੁਸਾਰ ਨਹੀਂ ਚੱਲਣਾ ਤਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋਣਗੀਆਂ? ਬਾਬਾ ਜੀ ਨੇ ਸਮਝਾਇਆ ਕਿ ਪਿਤਾ ਉਸੇ ਪੁੱਤਰ ਤੋਂ ਪ੍ਰਸੰਨ ਹੁੰਦਾ ਹੈ ਜੋ ਪਿਤਾ ਦਾ ਹੁਕਮ ਮੰਨੇ। ਜੇਕਰ ਪੁੱਤਰ ਸਲਾਮ ਤਾਂ ਕਰੇ ਪਰ ਹੁਕਮ ਨਾ ਮੰਨੇ ਅਤੇ ਜਬਾਬ ਦੇ ਦੇਵੇ ਇਹੋ ਜਿਹੇ ਪੁੱਤਰ ਦੀ ਸਲਾਮ ਕਿਸ ਕੰਮ? ਇਸ ਲਈ ਵਿਚਾਰੀਏ ਕਿ ਅਸੀਂ ਗੁਰੂ ਗ੍ਰੰਥ ਸਹਿਬ ਜੀ ਨੂੰ ਮੱਥਾ ਵੀ ਟੇਕਦੇ ਹਾਂ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਗੁਰਬਾਣੀ ਦੇ ਹੁਕਮ ਨੂੰ ਵੀ ਮੰਨੀਏ। ਅਜਿਹਾ ਨਾ ਕਰਨ ਤੇ ਬੇਮੁਖ ਸਮਝੇ ਜਾਵਾਂਗੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਸਮਰੱਥਾ ਬਖਸ਼ਣ ਕਿ ਅਸੀਂ ਗੁਰੂ ਦੇ ਮਾਰਗ ਤੇ ਚਲ ਸਕੀਏ। ਹਰ ਤਰ੍ਹਾਂ ਦੇ ਨਸ਼ੇ ਛੱਡ ਕੇ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ। ਕਿਰਤ ਕਰੀਏ, ਨਾਮ ਜਪੀਏ ਵੰਡ ਛਕੀਏ ਇਸ ਸੁਨਹਿਰੀ ਉਪਦੇਸ਼ ਨੂੰ ਹਿਰਦੇ ਚ ਵਸਾਈਏ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ। ਬਾਬਾ ਜੀ ਨੇ ਪਰਮ ਸੰਤ ਸੁੱਚਾ ਸਿੰਘ ਜੀ ਵੱਲੋਂ ਆਰੰਭੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਜਿਕਰ ਕਰਦਿਆਂ ਦੱਸਿਆ ਕਿ 33ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 28, 29,30 ਨਵੰਬਰ ਅਤੇ 1 ਦਸੰਬਰ ਨੂੰ ਹੋ ਰਿਹਾ ਹੈ। ਸਭਨਾਂ ਨੂੰ ਇਸ ਸੰਗੀਤ ਸੰਮੇਲਨ ਵਿੱਚ ਸਮੂਲੀਅਤ ਕਰਨ ਦੀ ਅਪੀਲ ਕਰਦੇ ਹਾਂ। ਗੁਰੂ ਕਾ ਲੰਗਰ ਅਤੁੱਟ ਵਰਤਿਆ।