* * ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਨੇ, ਉਨ੍ਹਾਂ ਨੂੰ ਦਬਾਉਣ ਲਈ ਨਿੱਤ-ਨਵੇਂ ਬਿਰਤਾਂਤ ਸਿਰਜੇ ਜਾ ਰਹੇ ਹਨ – ਗਿ: ਹਰਪ੍ਰੀਤ ਸਿੰਘ
* * ਲੀਡਰਸ਼ਿਪ ਦੀਆਂ ਅਣਗਹਿਲੀਆਂ ਕਰਕੇ ਸਿੱਖ ਅਪਣੇ ਹੀ ਘਰ ਚ ਬੇਗਾਨਾ ਬਣਾ ਦਿੱਤਾ–ਪ੍ਰੋ: ਸੁਖਦਿਆਲ ਸਿੰਘ
* * ਖਚਾ-ਖਚ ਭਰੇ ਸੈਮੀਨਾਰ ਹਾਲ ਨੇ ਕੌਮ ਦੇ ਭਵਿੱਖ ਲਈ ਚਿੰਤਕਾਂ ਦੀ ਮਾਨਸਿਕਤਾ ਨੂੰ ਬਿਆਨਿਆ
ਲੁਧਿਆਣਾ 26 ਨਵੰਬਰ (ਪ੍ਰਿਤਪਾਲ ਸਿੰਘ ਪਾਲੀ)- ਪੰਜਾਬ-ਪੰਜਾਬੀ-ਪੰਜਾਬੀਅਤ ਅਤੇ ਪੰਥ ਲਈ ਜੀਵਨ ਭਰ ਸਮਰਪਤ ਰਹਿਣ ਵਾਲੀ ਅਜ਼ੀਮ ਸਿੱਖ ਇਤਿਹਾਸ
ਸਵ: ਭਾਈ ਪਰਮਜੀਤ ਸਿੰਘ ਖਾਲਸਾ ਦੀ ਨਿੱਘੀ ਅਤੇ ਮਿੱਠੀ ਯਾਦ ‘ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ ਦੀ ਪ੍ਰਧਾਨਗੀ ਅਤੇ ਭਾਈ ਦਲੇਰ ਸਿੰਘ ਡੋਡ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੇਖ-ਰੇਖ ਹੇਠ ਆਪਣੇ ਰੰਗਲੇ ਸੱਜਣ ਦੀ ਯਾਦ ਵਿੱਚ ਇਸ਼ਮੀਤ ਸੰਗੀਤ ਅਕੈਡਮੀ ਦੇ ਸੈਮੀਨਾਰ ਹਾਲ ਵਿਖੇ ਸਿੱਖ ਸਮੱਸਿਆਵਾਂ ਦਸ਼ਾ ਅਤੇ ਦਿਸ਼ਾ ਵਿਸ਼ੇ ਤੇ ਪਹਿਲੀ ਵਿਚਾਰ ਗੋਸ਼ਟੀ ਕੀਤੀ।
ਵਿਚਾਰ ਗੋਸ਼ਟੀ ਦੇ ਉਦਘਾਟਨੀ ਬੋਲਾਂ ‘ਚ ਭਾਈ ਮੇਜਰ ਸਿੰਘ ਖਾਲਸਾ ਨੇ ਅਜੋਕੇ ਪੰਥਕ ਹਾਲਾਤਾਂ ਸਬੰਧੀ ਗੰਭੀਰਤਾ ਨਾਲ ਵੱਖ ਵੱਖ ਪਹਿਲੂਆਂ ਤੋਂ ਵਾਪਰੀਆਂ ਘਟਨਾਵਾਂ ਦੇ ਹਵਾਲੇ ਨਾਲ ਬਣੇ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨਾਲ ਨਜਿੱਠਣ ਲਈ ਚਿੰਤਨ ਕਰਦਿਆਂ ਸਰਕਾਰਾਂ ਦੇ ਬੁਣੇ-ਤਾਣੇ, ਬੇਗਾਨਗੀ ਦੇ ਕਰਵਾਏ ਜਾਂਦੇ ਅਹਿਸਾਸ, ਆਪਸੀ ਭਾਈਚਾਰਕ ਸਾਂਝਾਂ ਦੀਆਂ ਟੁੱਟਦੀਆਂ ਤੰਦਾਂ ਆਦਿ ਨੂੰ ਮੁੜ ਮਜਬੂਤੀ ਕਰਨ ਲਈ ਆਪਣੇ ਰੰਗੁਲੇ ਸੱਜਣ ਸਵ: ਭਾਈ ਪਰਮਜੀਤ ਸਿੰਘ ਖਾਲਸਾ ਦੇ ਸਿਰਜੇ ਸੁਫਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਦ੍ਰਿੜਾਇਆ। ਉਨ੍ਹਾਂ ਵਿਚਾਰ ਗੋਸ਼ਟੀਆਂ ਦੀ ਆਰੰਭਤਾ ਦੇ ਵੱਖ-ਵਖ ਪਹਿਲੂਆਂ,ਭਵਿੱਖ ਦੀਆਂ ਯੋਜਨਾਵਾਂ, ਸਹਿਯੋਗੀਆਂ ਦੇ ਸਹਿਯੋਗ ਆਦਿ ਵਿਸ਼ਿਆਂ ਨੂੰ ਵੀ ਗਹਿਰਾਈ ਨਾਲ ਸਾਂਝਾ ਕਰਦਿਆਂ ਭਵਿੱਖ ਦੀਆਂ ਉਲੀਕੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸਪੱਸ਼ਟ ਕੀਤਾ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਖੇਪ ਬੋਲਾਂ ਚ ਵੱਡੇ ਅਰਥ ਕਹਿੰਦਿਆਂ ਕਿਹਾ ਕਿ
ਸਾਡੀਆਂ ਕੁਰਬਾਨੀਆਂ ਦਾ ਬਹੁ-ਗਿਣਤੀ ਭਾਈਚਾਰੇ ਨੇ ਲਾਹਾ ਲਿਆ, ਫੈਡਰੇਸ਼ਨ ਵਲੋਂ ਕੈਂਪ ਲਾਉਣੇ, ਵਿਚਾਰ ਗੋਸ਼ਟੀਆਂ ਕਰਨੀਆਂ ਅਹਿਮ ਹਿੱਸਾ ਰਿਹਾ ਹੈ। ਉਨ੍ਹਾਂ ਕੌਮ ਦੇ ਭਵਿੱਖ ਲਈ ਬੁਣੇ ਜਾਂਦੇ ਬ੍ਰਿਤਾਂਤਾਂ ਤੋਂ ਸੁਚੇਤ ਕਰਦਿਆਂ ਕਿਹਾ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਨੇ ਉਨ੍ਹਾਂ ਨੂੰ ਦਬਾਉਣ ਲਈ ਨਿੱਤ-ਨਵੇਂ ਬਿਰਤਾਂਤ ਸਿਰਜੇ ਜਾ ਰਹੇ ਹਨ। ਉਨਾਂ ਪਿਛਲੇ ਦਿਨੀ ਕਨੇਡਾ ਦੀ ਇੱਕ ਘਟਨਾ ਦਾ ਹਵਾਲਾ ਵੀ ਦਿੱਤਾ ਅਤੇ ਵਾਪਰਦੀਆਂ ਘਟਨਾਵਾਂ ਦੇ ਹਵਾਲਿਆਂ ਨਾਲ ਕਿਹਾ ਕਿ ਸਾਡੀਆਂ ਸ਼ਾਨਾਂਮੱਤੀ ਪਰੰਪਰਾਵਾਂ, ਸਾਡੀਆਂ ਸੰਸਥਾਵਾਂ, ਸ਼ਖਸੀਅਤਾਂ ਤੇ ਵਿਉਂਤਬੰਦੀ ਨਾਲ ਹਰ ਪੱਖ ਤੋਂ ਸੋਸ਼ਲ ਮੀਡੀਏ ਤੇ ਤਾਕਤਵਰ ਧਿਰਾਂ ਦੇ ਸਹਿਯੋਗੀ ਬਣ ਕੇ ਸਾਡੀ ਮਾਨਸਿਕਤਾ ‘ਚ ਜੋ ਕੁਝ ਪਰੋਸਿਆ ਜਾ ਰਿਹਾ ਹੈ ਉਸ ਨਾਲ ਕੌਮ ਦੇ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ। ਅਜਿਹੇ ਹਰ ਪਹਿਲੂ ਦਾ ਮੁਕਾਬਲਾ ਸਾਡਾ ਨੌਜਵਾਨ ਵਰਗ ਟੈਕਨੋਲਜੀ ਅਤੇ ਸੂਝ-ਬੂਝ ਨਾਲ ਕਰਕੇ ਅਹਿਮ ਯੋਗਦਾਨ ਪਾ ਸਕਦਾ ਹੈ। ਜੇਕਰ ਇਸ ਪੱਖ ਚ ਅਸੀਂ ਕਾਮਯਾਬ ਨਾ ਰਹੇ ਤਾਂ ਭਵਿੱਖ ‘ਚ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਪਵੇਗਾ। ਉਨਾਂ ਕੌਮ ਵਿੱਚ ਇੱਕ ਜੁੱਟਤਾ ਹੋਣ ਤੇ ਜ਼ੋਰ ਦਿੱਤਾ, ਮੀਡੀਆ ਹਾਊਸਾਂ ਵੱਲੋਂ ਸਿਰਜੇ ਜਾਂਦੇ ਬਿਰਤਾਂਤ ਤੋਂ ਵੀ ਸੁਚੇਤ ਕੀਤਾ। ਸਿੰਘ ਸਾਹਿਬ ਨੇ ਸਪਸ਼ਟ ਕੀਤਾ ਕਿ ਦੁਸ਼ਮਣ ਨਾਲ ਇਕੱਠਿਆ ਹੋ ਕੇ ਲੜਿਆ ਤਾਂ ਜਾ ਸਕਦਾ, ਪਰ ਜਦੋਂ ਆਪਣੇ ਹੀ ਸਾਹਮਣੇ ਆ ਜਾਣ ਤਾਂ ਬਹੁਤ ਔਖਾ ਹੋ ਜਾਂਦਾ।
ਡਾ: ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਲੂਣਾ ਦਿੰਦੇ ਬੋਲਾਂ ਨਾਲ ਪ੍ਰਚਾਰੇ ਜਾ ਰਹੇ ਪੱਖਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਦੀ ਬੋਲੀ ਬੋਲ ਰਹੇ ਹਾਂ, ਜੋ ਸਾਨੂੰ ਢਹਿੰਦੀਆਂ ਕਲਾਂ ਵੱਲ ਲਿਜਾ ਰਹੇ ਹਨ। ਉਨਾਂ ਸਵਾਲ ਕੀਤਾ ਕਿ ਜਿਹੜੇ ਲੋਕ ਅੱਜ ਸਾਡੀ ਆਬਾਦੀ ਘਟਣ ਦੀ ਗੱਲਾਂ ਕਰਦੇ ਨੇ, ਆਪਣੇ ਅਤੀਤ ਵੱਲ ਝਾਤੀ ਮਾਰ ਕੇ ਵੇਖਣ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸਾਡੀ ਗਿਣਤੀ ਕਿੰਨੀ ਸੀ? ਉਨ੍ਹਾਂ ਕਿਹਾ ਗਿਣਤੀਆਂ-ਮਿਣਤੀਆਂ ਵੱਲ ਨਾ ਜਾਵੋ, ਇਹ ਸਿੱਖ ਸਭਿਆਚਾਰ ਦਾ ਪੱਖ ਨਹੀਂ, ਨਾ ਹੀ ਖਾਲਸਾਈ ਸ਼ਬਦਾਵਲੀ ਚ ਕਿਧਰੇ ਜ਼ਿਕਰ ਹੈ। ਉਨ੍ਹਾਂ ਸੁਚੇਤ ਕੀਤਾ ਕਿ ਜੋ ਸਾਨੂੰ ਪਰੋਸਿਆ ਜਾ ਰਿਹਾ ਹੈ, ਅਸੀਂ ਉਸਨੂੰ ਵਰਤ ਰਹੇ ਹਾਂ। ਉਨ੍ਹਾਂ ਲੀਡਰਸ਼ਿਪ ਦੀਆਂ ਅਣਗਹਲੀਆਂ ਕਾਰਨ ਬਣੇ ਹਾਲਾਤਾਂ ਨੂੰ ਆਪਣੀ ਵਿਚਾਰ ਚਰਚਾ ‘ਚ ਲਿਆ। ਉਨ੍ਹਾਂ ਸਿੱਖ ਕਿਰਦਾਰ ਦੀ ਸਥਾਪਤੀ ਤੇ ਜੋਰ ਦਿੰਦੀਆਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੀ ਦੁਨੀਆ ਦੀ ਅਗਵਾਈ ਕਰਨੀ ਸੀ, ਪਰ ਸਾਡਿਆਂ ਦੀਆਂ ਅਣ ਗਹਿਲੀਆਂ ਕਰਕੇ ਅਜਿਹਾ ਨਾ ਹੋ ਸਕਿਆ। ਲੀਡਰਸ਼ਿਪ ਦੀਆਂ ਅਣਗਹਿਲੀਆਂ ਕਰਕੇ ਸਿੱਖ ਅਪਣੇ ਹੀ ਘਰ ਚ ਬੇਗਾਨਾ ਬਣਾ ਦਿੱਤਾ।
ਸ੍ਰ ਜਗਰੂਪ ਸਿੰਘ ਰਿਸਰਚ ਸਕਾਲਰ ਨੇ ਕਿਹਾ ਕਿ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦੇ ਉਪਚਾਰ ਦੇ ਸਾਧਨ ਵੀ ਲੱਭੇ ਜਾਂਦੇ ਹਨ। ਅੱਜ ਕੌਮ ਸਨਮੁੱਖ ਧਾਰਮਿਕ, ਸਮਾਜਿਕ,ਰਾਜਨੀਤਕ ਅਤੇ ਮਾਨਸਿਕ ਆਦਿ ਪੱਖਾਂ ਤੋਂ ਸਮੱਸਿਆਵਾਂ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਚ ਕਿਹਾ ਅਸੀਂ ਉਸ ਵੇਲੇ ਲੜ੍ਹੇ ਹਾਂ, ਜਦੋਂ ਸਾਡੇ ਕੋਲ ਰਾਜ ਨਹੀਂ ਸੀ। ਫੇਰ ਰਾਜ ਵੀ ਆਇਆ ਪਰ ਭਵਿੱਖ ਵੱਲ ਨਾ ਵੇਖਿਆ। ਉਨ੍ਹਾਂ ਪੁੱਛਿਆ ਸਾਡੀਆਂ ਸੰਸਥਾਵਾਂ ਨੇ ਕਿੰਨੇ ‘ਕੁ ਵਿਦਵਾਨ-ਬੁਲਾਰੇ ਪੈਦਾ ਕੀਤੇ? ਕਿਉਕਿ ਸਾਡਿਆਂ ਨੇ ਤਾਂ ਆਪਣਾ ਵਿਦਿਅਕ ਸਲੇਂਬਸ ਹੀ ਨਹੀਂ ਬਣਾਇਆ। ਉਨ੍ਹਾਂ ਸਥਾਈ ਅਤੇ ਅਸਥਾਈ ਪੱਖ ਦੀ ਗੱਲ ਤੋਰਦਿਆਂ ਕਿਹਾ ਅਸਥਾਈ ਵੱਲ ਨਹੀਂ, ਸਥਾਈ ਹੱਲ ਵੱਲ ਤੁਰੀਏ।
ਫੇਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ਰ ਸਰਬਜੀਤ ਸਿੰਘ ਸੋਹਲ ਨੇ ਜੋਸ਼ ਨੂੰ ਵਿਉਤਬੰਦੀ ਨਾਲ ਆਪਣੇ ਆਪ ਨੂੰ ਤਿਆਰ ਕਰਕੇ ਆਪਣੀ ਦਿਸ਼ਾ ਆਪ ਬਣਾਉਣ ਤੇ ਜੋਰ ਦਿੰਦਿਆਂ ਕਿਹਾ ਅੱਜ ਦਿਸ਼ਾਹੀਣਾਂ ਦਾ ਕਬਜਾ ਹੈ। ਜਿਨ੍ਹਾਂ ਸਿੱਖ ਤੇ ਸਿੱਖੀ ਨੂੰ ਰੋਲ਼ ਕੇ ਰੱਖ ਦਿੱਤਾ। ਉਨ੍ਹਾਂ ਕੌਮ ਦੇ ਵਾਰਸ ਬਣਨ ਅਤੇ ਸ਼੍ਰੀ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਤੇ ਜੋਰ ਦਿੱਤਾ।
ਡਾ: ਅਨੁਰਾਗ ਸਿੰਘ ਨੇ ਸਿੱਖ ਧਰਮ ਅੰਦਰ ਸਲੈਕਸ਼ਨ ਅਤੇ ਇਲੈਕਸ਼ਨ ਵਿਸ਼ੇ ਤੇ ਬੇਬਾਕੀ ਭਰੇ ਬੋਲਾਂ ਨਾਲ ਅਜੋਕੇ ਹਾਲਤਾਂ ਨੂੰ ਬਿਆਨਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਆਸਤ ਦੇ ਭਾਰੂ ਹੋਣ, ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਨਿਕਲਣ ਆਦਿ ਦੀ ਗੱਲ ਕਰਦਿਆਂ ਇਤਿਹਾਸ ਬਦਲਣ ਅਤੇ ਕਾਰ ਸੇਵਾ ਰਾਹੀਂ ਅਲੋਪ ਕੀਤੇ ਪੱਖਾਂ ਨੂੰ ਦਰਦ ਭਰੇ ਬੋਲਾਂ ਨਾਲ ਫੋਲਿਆ। ਉਹਨਾਂ ਹਲੂਣਾ ਦਿੰਦੇ ਬੋਲਾਂ ਨਾਲ ਕਿਹਾ ਅਸੀਂ ਜੰਗਲਾਂ ਤੋਂ ਗੱਦਿਆਂ ਤੱਕ ਆ ਗਏ ਪਰ ਸਾਡੀ ਲਾਲਸਾ ਨਹੀਂ ਮੁੱਕੀ। ਸੋਸ਼ਲ ਮੀਡੀਆ ਤੇ ਪ੍ਰਚਾਰੇ ਜਾ ਰਹੇ ਪੱਖਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਲਮ ਦਾ ਯੋਧਾ ਕਿਰਪਾਨ ਦੇ ਯੋਧੇ ਨਾਲੋਂ ਅਹਿਮ ਹੁੰਦਾ ਹੈ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਆਪਣੇ ਵਿਚਾਰਾਂ ਵਿੱਚ ਆਪੋ-ਆਪਣੀਆਂ ਨਿਗੂਣੀਆਂ ਜਾਤੀ ਅਤੇ ਰਾਜਸੀ ਗਰਜ਼ਾਂ ਦੀ ਪੂਰਤੀ ਲਈ ਖੇਰੂ ਖੇਰੂ ਹੁੰਦੇ ਪੱਖਾਂ, ਹਿਰਦਿਆਂ ‘ਚ ਅਧਿਆਤਮਵਾਦੀ ਸੋਚ ਦੀ ਥਾਂ ਪਦਾਰਥਵਾਦੀ ਸੋਚ ਦੇ ਭਾਰੂ ਹੋਣ। ਨਿਮਰਤਾ ਵਾਲੀ ਪਰਉਪਕਾਰੀ ਬਿਰਤੀ ਦੀ ਥਾਂ ਨਿੱਜੀ ਸੁਆਰਥਾਂ ਦੀ ਪੂਰਤੀ ਵਾਲੀ ਲੋਭੀ ਤੇ ਹੰਕਾਰੀ ਬਿਰਤੀ ਦੇ ਲੈਣ ਆਦਿ ਕਰਨਾ ਅਤੇ ਕਮਜੋਰੀਆਂ ਜੋ ਲੰਘੇ ਦੌਰ ਚ ਹੋਈਆਂ। ਉਨ੍ਹਾਂ ਕੀਤੀਆਂ ਗਲਤੀਆਂ ਦੇ ਫਲਸਰੂਪ, ਸਮਾਜ ‘ਚ ਬਹੁਤ ਸਾਰੀਆਂ ਕੁਰੀਤੀਆਂ ਤੇ ਬੁਰਿਆਈਆਂ ਦੇ ਵਧਣ, ਆਚਾਰ-ਵਿਉਹਾਰ ‘ਚ ਗਿਰਾਵਟ ਆਉਣ ਕਾਰਨ ਸਿੱਖ ਵਿਰੋਧੀ ਸ਼ਕਤੀਆਂ ਦੇ ਹੌਸਲੇ ਵਧੇ ਹਨ। ਲਿਹਾਜ਼ਾ ਇਕ ਤੋਂ ਬਾਅਦ ਦੂਜਾ ਵਾਰ ਹੋ ਰਿਹਾ ਹੈ। ਸਿੱਖ ਇਤਿਹਾਸ ਅਤੇ ਸਿੱਖ ਵਿਚਾਰਧਾਰਾ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਗੁਰਬਾਣੀ ਦੀ ਗਲਤ ਵਿਆਖਿਆ ਕਰਕੇ ਅਤੇ ਮਨਘੜ੍ਹਤ ਕਹਾਣੀਆਂ ਦਾ ਪੂਰਾ ਜੋਰ ਸ਼ੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਗੁਰਮਤਿ ਦੇ ਮੂਲ ਉਦੇਸ਼ ਅਤੇ ਆਦਰਸ਼ਾਂ ਬਾਰੇ ਭੰਬਲਭੂਸਾ ਖੜ੍ਹਾ ਕਰਨ ਦੇ ਜਤਨ ਹੋ ਰਹੇ ਹਨ। ਬਾਬਾ ਜੀ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਗੁਰਬਾਣੀ ਦੀ ਸਿੱਖਿਆ ਅਨੁਸਾਰ ਸਿਆਣੇ ਬਣ ਕੇ ਆਪਣੇ ਗਿਰੇਵਾਨ ਵਿੱਚ ਮੂੰਹ ਪਾ ਕੇ ਵੇਖਣ ਦੀ ਲੋੜ ਹੈ ਕਿ ਜੋ ਕਮਜੋਰੀਆਂ ਸਾਨੂੰ ਆਪਣੇ ਵਿਰੋਧੀਆਂ ‘ਚ ਨਜ਼ਰ ਆ ਰਹੀਆਂ ਨੇ, ਕੀ ਅਸੀਂ ਖ਼ੁਦ ਹੀ ਉਨ੍ਹਾ ਕਮਜੋਰੀਆਂ ਤੇ ਅਉਗਣਾਂ ਦੀ ਮਾਰ ਹੇਠ ਤਾਂ ਨਹੀਂ ਆਏ ਹੋਏ…?
ਸਟੇਜ ਸੰਚਾਲਨ ਦੀ ਅਹਿਮ ਜਿੰਮੇਵਾਰੀ ਭਾਈ ਬਲਜੀਤ ਸਿੰਘ ਬੀਤਾ ਨੇ ਨਿਭਾਈ। ਵਿਚਾਰ ਗੋਸ਼ਟੀ ਵਿੱਚ ਸ਼ਮੂਲੀਅਤ ਕਰਨ ਲਈ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸ੍ਰ ਜਗਮਿੰਦਰ ਸਿੰਘ ਪਟਿਆਲਾ, ਭਾਈ ਦਲੇਰ ਸਿੰਘ ਡੋਡ, ਭਾਈ ਨਰਿੰਦਰ ਸਿੰਘ ਖਾਲਸਾ ਕਸ਼ਮੀਰ, ਭੁਪਿੰਦਰ ਸਿੰਘ ਨਾਗੋਕੇ, ਬਲਵੀਰ ਸਿੰਘ ਭਾਟੀਆ, ਹਰਦੀਪ ਸਿੰਘ ਦੂਆ, ਗਿਆਨੀ ਪਿੰਦਰ ਪਾਲ ਸਿੰਘ ਵੱਲੋਂ ਭਾਈ ਸੁਰਜੀਤ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ ਦੇ ਛੋਟੇ ਭਰਾ, ਆਦਿ ਉਚੇਚੇ ਤੌਰ ਤੇ ਪਹੁੰਚੇ। ਖਚਾ-ਖਚ ਭਰੇ ਸੈਮੀਨਾਰ ਹਾਲ ਨੇ ਕੌਮ ਦੇ ਭਵਿੱਖ ਲਈ ਚਿੰਤਕਾਂ ਦੀ ਮਾਨਸਿਕਤਾ ਨੂੰ ਬਿਆਨਿਆ।