ਇੱਕ ਸਮਾਜਿਕ ਬਦਲਾਵ ਦਾ ਪ੍ਰਤੀਕ – ਡਾ. ਵਿਜੇ ਸਤਬੀਰ ਸਿੰਘ
ਲੁਧਿਆਣਾ/ਸ਼੍ਰੀ ਹਜ਼ੂਰ ਸਾਹਿਬ 8 ਦਸੰਬਰ-ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ੍ਰ ਰਜਦਵਿੰਦਰ ਸਿੰਘ ਕੱਲ੍ਹਾ ਵਲੋਂ ਭੇਜੀ ਜਾਣਕਾਰੀ ਅਨੁਸਾਰ ਮਾਨਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਧਾਰਮਿਕ ਸਰਪ੍ਰਸਤੀ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ. ਦੀ ਸਮੁੱਚੀ ਨਿਗਰਾਨੀ ਹੇਠ ਪ੍ਰਬੰਧਕੀ ਪੱਖੋਂ 7 ਅਤੇ 8 ਦਸੰਬਰ 2024 ਨੂੰ 68 ਵਾਂ ਸਮੂਹਿਕ ਵਿਆਹ ਮੇਲਾਵਾ ਸਮਾਗਮ ਪੂਰਨ ਗੁਰਮਰਯਾਦਾ ਅਨੁਸਾਰ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਸ ਦੀ ਸਮਾਪਤੀ 6 ਦਸੰਬਰ ਨੂੰ ਹੋਈ। 7 ਦਸੰਬਰ ਨੂੰ ਸਮੂਹਿਕ ਸਗਾਈ ਦੀ ਰਸਮ ਤਖ਼ਤ ਸਾਹਿਬ ਵਿਖੇ ਅਤੇ 8 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜੂਰੀ ਵਿੱਚ ਲਾਵਾ ਫੇਰੇ ਹੋਏ । ਇਸ ਸਮੂਹਿਕ ਵਿਆਹ ਮੇਲਾਵੇ ਵਿੱਚ 24 ਗੁਰਸਿੱਖ ਪਰਿਵਾਰਾਂ ਦੇ ਬੱਚੇ-ਬੱਚੀਆਂ ਸ਼ਾਮਿਲ ਹੋ ਕੇ ਗ੍ਰਹਿਸਥ ਮਾਰਗ ਦੇ ਧਾਰਨੀ ਬਣੇ।
ਵੇਖਣ ਵਿੱਚ ਆ ਰਿਹਾ ਹੈ ਕਿ ਅਤਿ ਦੀ ਮਹਿੰਗਾਈ ਕਾਰਨ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਨੂੰ ਆਪਣੇ ਬੱਚੇ ਬੱਚੀਆਂ ਦੇ ਵਿਆਹ ਕਾਰਜ ਸਮੇਂ ਕਈ ਤਰ੍ਹਾਂ ਦੀਆਂ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਰਜਿਆਂ ਦੇ ਬੇਲੋੜੇ ਬੋਝ ਹੇਠ ਦੱਬ ਜਾਂਦੇ ਹਨ ।
ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਵੱਲੋਂ ਪਿਛਲੇ ਸਮੇਂ ਦੌਰਾਨ ਆਰੰਭ ਕੀਤੇ ਮਿਸ਼ਨ ਸਮੂਹਿਕ ਵਿਆਹ ਮੇਲਾਵੇ ਤੋਂ ਸਿੱਖ ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ। ਇਸ ਮਿਸ਼ਨ ਵਿੱਚ ਜਿਥੇ ਨਾਂਦੇੜ ਅਤੇ ਆਸ ਪਾਸ ਦੇ ਸਿੱਖ ਪਰਿਵਾਰਾਂ ਦੇ ਬੱਚੇ ਸ਼ਾਮਿਲ ਹੁੰਦੇ ਹਨ, ਉਥੇ ਤੇਲੰਗਾਨਾ, ਮੱਧ ਪ੍ਰਦੇਸ਼ ਤੇ ਹੋਰ ਨਾਲ ਲਗਦੇ ਸੂਬਿਆਂ ਤੋਂ ਵੀ ਸ਼ਾਮਿਲ ਹੁੰਦੇ ਹਨ। ਇਹ ਵਰਨਣ ਯੋਗ ਹੈ ਕਿ ਮੇਲਾਵੇ ਵਿੱਚ ਸ਼ਾਮਿਲ ਲਾੜੇ ਲਾੜੀਆਂ ਦੇ ਲਈ ਲਾਵਾਂ ਫੇਰੇ ਦੀ ਪਾਵਨ ਰਸਮ ਤੋਂ ਪਹਿਲਾਂ ਗੁਰਮਤਿ ਅਨੁਸਾਰ ਅੰਮ੍ਰਿਤ ਪਾਨ ਕਰਨਾ ਲਾਜ਼ਮੀ ਹੁੰਦਾ ਹੈ । ਬਿਨਾ ਅੰਮ੍ਰਿਤ ਛਕੇ ਕਿਸੇ ਵੀ ਜੋੜੇ ਦੇ ਲਾਵਾਂ ਫੇਰੇ ਨਹੀਂ ਕਰਵਾਏ ਜਾਂਦੇ । ਡਾ. ਵਿਜੇ ਸਤਬੀਰ ਸਿੰਘ ਨੇ ਇਹ ਵੀ ਦਸਿਆ ਕਿ ਸ਼ਾਦੀ ਵਿੱਚ ਸ਼ਰੀਕ ਦੋਵੇਂ ਪਰਿਵਾਰਾਂ ਦੇ ਸਕੇ ਸੰਬੰਧੀਆਂ ਲਈ ਕਮਰਿਆਂ ਦੀ ਸਹੂਲਤ ਤੇ ਲੰਗਰ-ਪਾਣੀ, ਟੈਂਟ ਆਦਿ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਵੱਲੋਂ ਕੀਤਾ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਸਮੂਹਿਕ ਵਿਆਹ ਮੇਲਾਵਾ, ਸਮਾਜਿਕ ਬਦਲਾਵ ਦਾ ਪ੍ਰਤੱਖ ਪ੍ਰਤੀਕ ਹੈ ਇਸ ਲਈ ਚਾਹਵਾਨ ਪਰਿਵਾਰ ਆਪਣੇ ਬੱਚੇ ਬਚੀਆਂ ਦੇ ਵਿਆਹ ਕਾਰਜ ਸਾਦ ਮੁਰਾਦੀ ਰਸਮ ਅਨੁਸਾਰ ਕਰਨ ਲਈ ਗੁਰਦੁਆਰਾ ਬੋਰਡ ਦੇ ਸੰਬੰਧਤ ਵਿਭਾਗ ਨਾਲ ਸੰਪਰਕ ਕਰਨ ।