ਸੰਤ ਬਾਬਾ ਅਮੀਰ ਸਿੰਘ ਜੀ ਨੂੰ ਸਿੰਘ ਸਾਹਿਬ ਜੀ ਦੇ ਸੇਵਾ ਕਰਦਿਆਂ 25 ਵਰੇ ਪੂਰੇ ਹੋਣ ਤੇ ਸਮਾਗਮ ‘ਚ ਸਮੂਲੀਅਤ ਦਾ ਦਿੱਤਾ ਸੱਦਾ
ਲੁਧਿਆਣਾ 11ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਦੇ ਹਜ਼ੂਰੀ ਗਾਗਰੀ ਸਿੰਘ ਭਾਈ ਜਤਿੰਦਰ ਸਿੰਘ ਜਵੱਦੀ ਟਕਸਾਲ ਪਧਾਰੇ,
ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਉਨ੍ਹਾਂ ਨੂੰ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਪਧਾਰਨ ਤੇ ਨਿੱਘਾ ਸੁਆਗਤ ਕੀਤਾ। ਬਾਬਾ ਜੀ ਨੇ ਉਨ੍ਹਾਂ ਤੋਂ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜੱਥੇਦਾਰ ਸਾਹਿਬ ਦੀ ਸਿਹਤ ਸਬੰਧੀ ਸੁੱਖ-ਸਾਂਦ ਪੁੱਛੀ, ਉਨ੍ਹਾਂ ਦੀ ਪੰਥ ਪ੍ਰਸਤੀ ਸੋਚ, ਭਵਿੱਖਮੁਖੀ ਸਕਰਾਤਮਿਕ ਕਾਰਜ਼ਾਂ ਬਦੌਲਤ ਮਾਰਗ ਦਰਸ਼ੀ ਤੋਰ-ਤੁਰੇ ਜਾਣ ਵਰਗੇ ਪੱਖਾਂ ਤੋਂ ਤਸੱਲੀ ਪ੍ਰਗਟਾਉਦਿਆਂ, ਉਨ੍ਹਾਂ ਦੀ ਦੇਹ-ਅਰੋਗਤਾ ਅਤੇ ਲੰਬੀ ਆਯੂ ਦੀ ਅਰਦਾਸ ਕੀਤੀ। ਹਜ਼ੂਰੀ ਗਾਗਰੀ ਸਿੰਘ ਭਾਈ ਜਤਿੰਦਰ ਸਿੰਘ ਨੇ ਬਾਬਾ ਨੂੰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਤਖ਼ਤ ਸਾਹਿਬ ਦੀ ਸੇਵਾ ਕਰਦਿਆਂ ਸ਼ਾਨਦਾਰ 25 ਵਰ੍ਹੇ ਪੂਰੇ ਹੋਣ ‘ਤੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਣ ਵਾਲੇ ਸ਼ੁਕਰਾਨਾ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ, ਬਾਬਾ ਜੀ ਨੂੰ ਸੰਗਤਾਂ ਸਮੇਤ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਪ੍ਰਵਾਰ ਅਤੇ ਹਜ਼ੂਰੀ ਸਿੰਘਾਂ ਵਲੋਂ ਸੱਦਾ ਦਿੱਤਾ। ਜਿਸਨੂੰ ਬਾਬਾ ਜੀ ਨੇ ਸਿਰ ਮੱਥੇ ਕਬੂਲਦੀਆਂ, ਉਨ੍ਹਾਂ ਦਿਨਾਂ ਦੇ ਅਪਣੇ ਸਮੁੱਚੇ ਰੁਝੇਵੇਂ ਤਿਆਗ ਕੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਦੀ ਹਾਭੀ ਭਰਦਿਆਂ ਖ਼ੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਉਹ ਸਮੁੱਚੇ ਜੱਥੇ ਸਮੇਤ ਸ਼੍ਰੀ ਹਜ਼ੂਰ ਸਾਹਿਬ ਜਰੂਰ ਪੁੱਜਣਗੇ। ਭਾਈ ਜਤਿੰਦਰ ਸਿੰਘ ਨੇ ਬਾਬਾ ਜੀ ਵਲੋਂ ਸੱਦਾ ਕਬੂਲਣ ਬਦਲੇ ਧੰਨਵਾਦ ਕੀਤਾ ਅਤੇ ਯਾਦਾਂ ਦੀਆਂ ਤੰਦਾਂ ਫੋਲਦਿਆਂ ਹਜ਼ੂਰ ਬਾਬਾ ਸੁੱਚਾ ਸਿੰਘ ਜੀ ਅਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨਾਲ ਜੁੜੇ ਕੁਝ ਪੱਖਾਂ ਨੂੰ ਸਾਂਝਾ ਕੀਤਾ। ਉਨ੍ਹਾਂ ਸੰਤ ਬਾਬਾ ਅਮੀਰ ਸਿੰਘ ਜੀ, ਜਵੱਦੀ ਟਕਸਾਲ ਵਲੋਂ ਗੁਰਬਾਣੀ ਪ੍ਰਚਾਰ ਪਸਾਰ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਤਸੱਲੀ ਪ੍ਰਗਟਾਈ।