ਲੁਧਿਆਣਾ, 13 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ )- ਸਿੱਖ ਵਿਰਾਸਤ ਦੀ ਸੰਭਾਲ, ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਲੀਨ ਹੋਣ ਅਤੇ ਪੰਥ ਦੀ ਸੇਵਾ ਲਈ ਪ੍ਰੇਰਨਾ ਕਰਨ ਵਾਲੇ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜੀ “ਜਵੱਦੀ ਟਕਸਾਲ” ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦੇ ਸਬੰਧ ‘ਚ ਮਹੀਨਾਵਾਰ ਗੁਰਮਤਿ ਸਮਾਗਮ ਹੋਏ। “ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰੂ ਸਾਹਿਬ ਜੀ ਦੇ ਵੇਲਿਆਂ ਤੋਂ ਪ੍ਰਚੱਲਤ ਪੁਰਾਤਨ ਗੁਰਮਤਿ ਸੰਗੀਤ ਪ੍ਰੰਪਰਾ ਅਤੇ ਮਰਿਯਾਦਾ ਅਨੁਸਾਰ ਬਸੰਤ ਰਾਗ ਦੀ ਸ਼ਾਨ ਵਜਾ ਕੇ, ਬਸੰਤ ਰਾਗ ਵਿਚ ਡੰਡਾਉਤ ਕਰਕੇ ਅਤੇ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਮਹੀਨਾਵਾਰੀ ਸਮਾਗਮ ਦੀ ਆਰੰਭਤਾ ਬਸੰਤ ਰਾਗ ਵਿਚੋਂ ਵੱਖ-ਵੱਖ ਸ਼ਬਦਾਂ ਦੇ ਕੀਰਤਨ ਕਰਦਿਆਂ ਕੀਤੀ। ਕੀਰਤਨ ਕਰਨ ਵਾਲੇ ਵਿਿਦਆਰਥੀਆਂ ਨੇ ਬਸੰਤ ਦੀ ਵਾਰ ਦੀਆਂ ਤਿੰਨ ਪਾਉੜੀਆਂ ਦਾ ਗਾਇਨ ਅਤੇ ਅਖੀਰਲੀ ਪਉੜੀ ਨਾਲ ਕੀਰਤਨ ਦੀ ਸਮਾਪਤ ਕੀਤੀ। ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਮਾਘ ਮਹੀਨੇ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਬਾਰਹ ਮਾਂਹ ਤੁਖਾਰੀ ਅਤੇ ਬਾਹਰ ਮਾਹ ਮਾਂਝ ਸਿਰਲੇਖ ਅਧੀਨ ਸਬਦਾਂ ਦਾ ਉਚਾਰਨ ਕਰਦਿਆਂ ਗੁਰਮਤਿ ਦੀ ਰੋਸ਼ਨੀ ਵਿਚ ਇਸ਼ਨਾਨ ਦੇ ਅਸਲ ਪੱਖਾਂ ਨੂੰ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਉਦਿਆਂ ਫ਼ੁਰਮਾਇਆ ਕਿ ਤੀਰਥਾਂ ਦਾ ਮਹੱਤਵ ਵੀ ਹੈ। ਕਿਉਕਿ ਜੇਕਰ ਅਸੀਂ ਬਾਹਰੀ ਇਸ਼ਨਾਨ ਤੱਕ ਹੀ ਸੀਮਤ ਰਹਾਂਗੇ, ਉਹ ਦਿਖਾਵੇ ਤੋਂ ਘੱਟ ਨਹੀਂ। ਅਸਲ ਇਸ਼ਨਾਨ ਤਾਂ ਆਤਮਿਕ ਹੈ, ਜੋ ਪ੍ਰਭੂ ਦੇ ਨਾਮ ਰੂਪੀ ਜਲ ਨਾਲ ਕੀਤਾ ਜਾ ਸਕਦਾ ਹੈ। ਮਾਘ ਮਹੀਨਾ ਉਨ੍ਹਾਂ ਜੀਵਾਂ ਲਈ ਪਵਿੱਤਰ ਹੈ, ਜਿਨ੍ਹਾਂ ਨੇ ਹਿਰਦੇ ‘ਚ ਆਤਮਿਕ ਤੀਰਥ ਨੂੰ ਜਾਣ ਲਿਆ। ਉਹੀ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਵ ਵਿਆਪੀ ਹੋਂਦ, ਨੂੰ ਹਿਰਦੇ ਚੋਂ ਮਹਿਸੂਸ ਕਰਦੇ ਹਨ। ਜਿਨ੍ਹਾਂ ਨੂੰ ਆਤਮਿਕ ਇਸ਼ਨਾਨ ਦੀ ਸੋਝੀ ਆ ਜਾਵੇ। ਮਹਾਂਪੁਰਸ਼ਾਂ ਨੇ ਗੁਰੂ ਅਸਥਾਨਾਂ ਦੇ ਮਹੱਤਵ ਨੂੰ ਹੋਰ ਵਧਾਉਣ ਲਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਨੂੰ ਸਮਝ, ਉਸਦੀ ਕਿਰਪਾ ਦੇ ਪਾਤਰ ਬਣਨ ਲਈ ਪ੍ਰੇਰਦਿਆਂ ਸਮਝਾਇ ਕਿ ਜਿਹੜਾ ਜੀਵ ਅਕਾਲ ਪੁਰਖ “ਵਾਹਿਗੁਰੂ ਜੀ” ਨਾਲ ਪ੍ਰੇਮ ਕਰਕੇ ਮਹਾਂਰਸ ਦੀ ਵਡਮੁੱਲੀ ਦਾਤ ਪ੍ਰਾਪਤ ਕਰ ਲੈਂਦਾ ਹੈ, ਉਸ ਦੀ ਆਤਮਾ ਅਠਾਹਠ ਤੀਰਥਾਂ ਦੇ ਇਸ਼ਨਾਨ ਨਾਲੋਂ ਵੀ ਵੱਧ ਪਵਿੱਤਰ ਹੀ ਜਾਂਦੀ ਹੈ। ਅੱਜ ਦਿਨ ਭਰ ਸੰਗਤਾਂ ਨੇ ਮਹਾਂਪੁਰਸ਼ਾਂ ਵਲੋਂ ਸਿਰਜੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਦੀ ਮਨੋਹਰ ਰਸਨਾ ਦੁਆਰਾ ਅਲਾਹੀ ਬਾਣੀ ਦੇ ਕੀਰਤਨ ਦਾ ਰਸ ਮਾਣਿਆ ਅਤੇ ਉਨ੍ਹਾਂ ਵਿਚਲੀ ਕਾਬਲੀਅਤ ਦੀ ਸ਼ਲਾਘਾ ਕੀਤੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।