ਲੁਧਿਆਣਾ 17 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ )- ਹਰ ਸਾਲ ਦੀ ਤਰ੍ਹਾਂ ਜਵੱਦੀ ਟਕਸਾਲ ਵਿਖੇ ਮਾਘ ਦੇ ਮਹੀਨੇ ਰੋਜ਼ਾਨਾ ਸ਼ਾਮ ਦੇ ਸਮਾਗਮਾਂ ਦੌਰਾਨ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਜੁੜੀਆਂ ਸੰਗਤਾਂ ਵਿੱਚ ਵਿਸ਼ੇਸ਼ ਨਾਮ ਸਿਮਰਨ ਕਰਨ ਦੀਆਂ ਜੁਗਤਾਂ ਸਮਝਾਉਂਦੇ ਹਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਨ। ਮਹਾਂਪੁਰਸ਼ ਅਪਣੇ ਪ੍ਰਵਚਨਾਂ ਚ ਇਕ ਪੱਖ ਤੇ ਜੋਰ ਰੱਖਦੇ ਨੇ ਕਿ ਜੇਕਰ ਫੋਕਟ ਕਰਮਾਂ-ਧਰਮਾਂ ਨੂੰ ਛੱਡਕੇ, ਇਕ-ਚਿੱਤ, ਹੋ ਕੇ ਉਸ ਅਕਾਲ ਪੁਰਖ, ਪ੍ਰਿਤਪਾਲਕ, “ਵਾਹਿਗੁਰੂ” ਜੀ, ਜੋਕਿ ਕਿਰਪਾ ਦੇ ਖਜਾਨੇ ਹਨ ਨੂੰ ਜੋੜੇ ਹਾਂ , ਤਾਂ ਭਵਸਾਗਰ ਤੋਂ ਤਰ ਸਕਦੇ ਹਾਂ ਅਤੇ ਇਸ ਸੰਸਾਰ ਤੇ ਮੁੜ ਸਰੀਰ ਧਾਰਨ ਦੀ ਲੋੜ ਹੀ ਨਹੀਂ ਰਹੇਗੀ। ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚੀ ਹੋਈ ਰਚਨਾ ਵਿਸ਼ਾਲ ਹੈ।ਹਰ ਇਕ ਜੇਕਰ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦਾ ਤਾਂ ਉਹ ਦਰਗਾਹ ਵਿਚ ਕਬੂਲ ਨਹੀਂ ਹੋਵੇਗਾ। ਮਹਾਂਪੁਰਸ਼ਾਂ ਨੇ ਨਾਮ ਸਿਮਰਨ ਦੀਆਂ ਜੁਗਤਾਂ ਸਮਝਾਉਂਦਿਆਂ ਸਪੱਸ਼ਟ ਕੀਤਾ ਕਿ ਉਪਦੇਸ਼ ਗੁਰੂ ਦੇ ਗਿਆਨ ਦਾ ਲਈਏ, ਉਸੇ ਦੇ ਨਾਮ ਦਾ ਸਿਮਰਨ ਕਰੀਏ, ਥੋੜਾ ਸੋਣਾ, ਦਇਆ, ਖਿਮਾ, ਸਬਰ, ਸੰਤੋਖ ਆਦਿ ਗੁਣ ਰੱਖੀਏ। ਪਰ ਮਾਇਆ ਦੇ ਤਿੰਨ ਗੁਣਾਂ ਤੋਂ ਉਦਾਸ ਰਹੀਏ, ਕਾਮ-ਕ੍ਰੋਧ-ਲੋਭ-ਮੋਹ-ਹੰਕਾਰ ਆਦਿ ਪੰਜ ਦੁਸ਼ਮਣਾਂ ਨੂੰ ਮਨ ਉੱਤੇ ਪ੍ਰਭਾਵ ਨਾ ਪਾਉਣ ਦਈਏ। ਅਜਿਹੇ ਆਚਰਣ ਬਣਾਉਣ ਨਾਲ ਪ੍ਰਭੂ ਮਿਲਾਪ ਚ ਸਹਾਇਤਾ ਮਿਲਦੀ ਹੈ। ਮਹਾਂਪੁਰਸ਼ਾਂ ਨੇ ਜੋਰ ਦਿੱਤਾ ਕਿ ਗੁਰਬਾਣੀ ਦੀ ਰੋਸ਼ਨੀ ‘ਚ ਨਾਮ ਜਪੀਏ, ਨਾਮ ਸੁਣੀਏ ਅਤੇ ਨਾਮ ਦੀ ਭਿੱਖਿਆ ਮੰਗੀਏ। ਜਿਸ ਨਾਲ ਅੰਤਰ-ਆਤਮੇ ਅਨੰਦਮਈ ਰੱਬੀ ਸੰਗੀਤ ਪੈਦਾ ਹੋਵੇਗਾ ਅਤੇ ਫਿਰ ਨਾਮ ਰਸ ਝੜੇਗਾ। ਇਹ ਤਦ ਸੰਭਵ ਹੈ ਜੇਕਰ ਹਰ ਤਰ੍ਹਾਂ ਦਾ ਸੰਜਮ ਰੱਖਾਗੇ, ਨਾਮ ਦਾ ਅਖੰਡ ਜਾਪ ਜਪਾਂਵੇ। ਇਸ ਤਰ੍ਹਾਂ ਸਦੀਵੀ ਖ਼ੁਸ਼ੀਆਂ ਨਸੀਬ ਹੋਣਗੀਆਂ। ਕਾਲ ਸਾਡੇ ਨੇੜੇ ਨਹੀਂ ਆਵੇਗਾ। ਮਹਾਂਪੁਰਸ਼ ਰੋਜਾਨਾ ਹੀ ਪ੍ਰੇਮਾ ਭਗਤੀ ਤੇ ਜੋਰ ਦਿੰਦੇ ਉਦਾਹਰਣਾਂ ਦਿੰਦਿਆ। ਸਮਝਾਉਂਦੇ ਹਨ ਕਿ ਲਿਵਤਾਰ ਦਾ ਇੱਕ ਸਿਰਾ ਵਾਹਿਗੁਰੂ ਸ਼ਬਦ ਨਾਲ ਜੁੜਿਆ ਹੋਵੇ ਅਤੇ ਤਾਰ ਦਾ ਦੂਜਾ ਸਿਰਾ ਹਿਰਦੇ ਅੰਦਰ ਟਿਿਕਆ ਹੋਵੇ। ਜੇਕਰ ਪ੍ਰੇਮ ਵਿੱਚ ਮਿਲਣ ਦੀ ਤੜਪ ਹੋਵੇ ਤਾਂ ਅਨਹਦ ਧੁਨੀ ਉਪਜੇਗੀ ਤੇ ਪ੍ਰੇਮ ਰਸ ਆਵੇਗਾ। ਮਹਾਂਪੁਰਸ਼ ਸੁਚੇਤ ਕਰਦੇ ਨੇ ਕਿ ਜਦੋਂ ਤੱਕ ਮਨ ਇਕ ਪ੍ਰਭੂ ਪ੍ਰਤੀ ਪ੍ਰੇਮ ਨਹੀਂ ਤਾਂ ਧਰਮ ਕਰਮ ਕੀਤੇ ਫੋਕਟ ਧਰਮ-ਕਰਮ, ਭਾਵੇਂ ਅੱਖਾਂ ਮੀਤ ਕੇ ਕਿਨ੍ਹੀਆਂ ਵੀ ਸਮਾਧੀਆਂ ਲਾਈਏ। ਭਾਵੇਂ ਸੱਤਾਂ ਸਮੁੰਦਰਾਂ ਦਾ ਤੀਰਥ ਭ੍ਰਮਣ ਕਰਕੇ ਇਸ਼ਨਾਨ ਕਰਦੇ ਰਹੀਏ। ਮਹਾਂਪੁਰਸ਼ ਗੁਰਬਾਣੀ ਦੇ ਸ਼ਬਦਾਂ ਦੇ ਹਵਾਲਿਆਂ ਨਾਲ ਸਪੱਸ਼ਟ ਕਰਦੇ ਹਨ ਕਿ ਵਾਹਿਗੁਰੂ ਜੀ ਨਾਲ ਪ੍ਰੇਮ ਕਰੀਏ। ਪ੍ਰੇਮਾ ਭਗਤੀ ਨਾਲ ਹੀ ਉਸਨੂੰ ਪਾਇਆ ਜਾ ਸਕਦਾ ਹੈ। ਜਿਕਰਕਰਨਯੋਗ ਹੈ ਕਿ ਜਵੱਦੀ ਟਕਸਾਲ ਵਿਖੇ ਹਰ ਸਾਲ ਮਾਘ ਦੇ ਮਹੀਨੇ ਤੋਂ ਫੱਗਣ ਮਹੀਨੇ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ਤੱਕ ਰੋਜਾਨਾ ਸਾਮ 7:00ਵਜੇ ਤੋਂ 8:00ਵਜੇ ਤਕ ਨਾਮ ਸਿਮਰਨ ਸਮਾਗਮ ਚ ਸੰਗਤਾਂ ਜੁੜਦੀਆਂ ਹਨ।