ਲੁਧਿਆਣਾ 24 ਜਨਵਰੀ ( ਪ੍ਰਿਤਪਾਲ ਸਿੰਘ ਪਾਲੀ ) ਗੁਰਮਤਿ ਸੰਗੀਤ ਦੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਉਸ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ “ਜਵੱਦੀ ਟਕਸਾਲ” ਵਲੋਂ “ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ” ਜੱਥੇਦਾਰ ਤਖ਼ਤ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਦੇ ਬਤੌਰ ਜੱਥੇਦਾਰ ਦੀਆਂ 25 ਵਰ੍ਹਿਆਂ ਦੀਆਂ ਨਿਰਵਿਘਨ ਸੇਵਾਵਾਂ ਦੇ ਸੰਪੂਰਨ ਹੋਣ ‘ਤੇ “ਸ਼ੁਕਰਾਨਾ ਸਮਾਗਮ” ਦੇ ਪਹਿਲੇ ਦਿਨ ਵਿਸ਼ੇਸ਼ ਰਾਗਾਤਮਿਕ ਕੀਰਤਨ ਦਰਬਾਰ ਕਰਵਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਖੁੱਲ੍ਹੇ ਪੰਡਾਲ ‘ਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਤੋਂ ਵਿਧੀਪੂਰਵਕ ਤਾਲੀਮ ਪ੍ਰਾਪਤ ਹੋਣਹਾਰ ਵਿਿਦਆਰਥੀਆਂ ਨੇ ਲਮੇਰੀ ਕੀਰਤਨ ਸਾਧਨਾਂ, ਆਪਣੀ ਕਿਸਮ ਦਾ ਨਿਵੇਕਲਾ ਤੇ ਪਰੰਪਰਾਗਤ ਸਰੂਪ, ਮਨੋਹਰ ਰਸਨਾ ਅਤੇ ਤੰਤੀ ਸਾਜ਼ਾਂ ਦੁਆਰਾ ਗੁਰਬਾਣੀ ਕੀਰਤਨ ਕਰਦਿਆਂ ਅਲੌਕਿਕ ਮਾਹੌਲ ਸਿਰਜਿਆ। ਪੰਜ ਪਿਆਰੇ ਸਾਹਿਬਾਨਾਂ, ਸ਼ੁਕਰਾਨਾ ਸਮਾਗਮ ਦੇ ਪ੍ਰਬੰਧਕਾਂ, ਸਿੰਘ ਸਾਹਿਬ ਜੀ ਦੇ ਪ੍ਰਵਾਰ, ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਨਾਲ ਕਰਵਾਏ “ਰਾਗਾਤਮਿਕ ਕੀਰਤਨ ਦਰਬਾਰ” ‘ਚ ਸਮੂਲੀਅਤ ਕਰਨ ਵਾਲੀ ਸੰਗਤ ਨੂੰ ਗੁਰੂ ਸਾਹਿਬਾਨਾਂ ਵਲੋਂ ਅਰੰਭੇ ਪ੍ਰਵਾਣਿਤ ਗਾਇਨ-ਵਾਦਨ ਕੀਰਤਨ ਸ਼ੈਲੀ ਸਰਵਣ ਕਰਦਿਆਂ ਰੂਹਾਨੀ ਅਨੰਦ ਮਹਿਸੂਸ ਹੋਇਆ। ਤੰਤੀ ਸਾਜ਼ਾ ‘ਚੋਂ ਨਿਕਲਦੀਆਂ ਗੁਰਮਤਿ ਸੰਗੀਤ ਦੀਆਂ ਤਰੰਗਾਂ ਸ਼੍ਰੀ ਹਜ਼ੂਰ ਸਾਹਿਬ ਦੀ ਫਿਜ਼ਾ ‘ਚ ਪ੍ਰਭਾਵ ਪਾਉਂਦੀਆਂ ਮਹਿਸੂਸ ਹੋਈਆਂ। ਰਾਗਾਤਮਿਕ ਕੀਰਤਨ ਦਰਬਾਰ ਦੌਰਾਨ ਜੁੜੀਆਂ ਸੰਗਤਾਂ ‘ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਨੇ ਆਪਣੇ ਪ੍ਰਵਚਨਾਂ ‘ਚ ਕਾਇਦੇ ਮੁਤਾਬਿਕ ਗਾਇਨ-ਵਾਦਨ, ਵੇਲੇ ਦੇ ਰਾਗ ਦੀ ਸ਼ੁਧਤ, ਸੁਰ ਵਿਸਥਾਰ ਅਤੇ ਗੁਰਮਤਿ ਸੰਗੀਤ ਵਿੱਚ ਕਲਾਤਮਿਕ ਪੱਖਾਂ ਦਾ ਜਿਕਰ ਕਰਦਿਆਂ ਗੁਰਮਤਿ ਸੰਗੀਤ ਦੇ ਸਬੰਧ ਨੂੰ ਸੇਵਾ ਤੇ ਸਿਮਰਨ ਭਗਤੀ ਦੇ ਰਸ ਨਾਲ ਕਰਦਿਆਂ ਸਪਸ਼ਟ ਕੀਤਾ ਕਿ ਗੁਰਮਤਿ ਸੰਗੀਤ ਅਨੁਸਾਰ ਗੁਰਬਾਣੀ ਕੀਰਤਨ ਕਰਦਿਆਂ ਸ਼ਬਦ ਦੀ ਪ੍ਰਧਾਨਤਾ ਰਹਿੰਦੀ ਹੈ, ਰਾਗ ਦੂਜੇ ਸਥਾਨ ਤੇ ਰਹਿੰਦਾ ਹੈ। ਇਸ ਤਰ੍ਹਾਂ ਗੁਰਬਾਣੀ ਕੀਰਤਨ ਗੁਰਮਤਿ ਸੰਗੀਤ ਮਰਿਯਾਦਾ ਅਨੁਸਾਰ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਸਿੰਘ ਸਾਹਿਬਾਨ ਬਾਬਾ ਕੁਲਵੰਤ ਸਿੰਘ ਜੀ ਦੇ ਮਿਸਾਲੀ ਜੀਵਨ ਦੇ ਉੱਚੀ-ਸੁੱਚੀ ਤੇ ਵਿਸ਼ਾਲ-ਸੋਚ ਦੇ ਪੱਧਰ ਤੱਕ ਪੁੱਜਣ ਦੀ ਉਦਾਹਰਣ ਤੋਂ ਹਰ ਸਿੱਖ ਨੂੰ ਸੋਝੀ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਿੰਘ ਸਾਹਿਬ ਜੀ ਸਮੇਤ ਪੰਜ ਪਿਆਰੇ ਸਾਹਿਬਾਨਾਂ, ਸੰਪਰਦਾਇ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਦੇ ਮੁਖੀ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ਼ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ, ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਸੂਰਸਿੰਘ, ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲਿਆਂ, ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ, ਸ੍ਰ ਰਾਜਦਵਿੰਦਰ ਸਿੰਘ ਕੱਲ੍ਹਾ ਸੁਪਰਡੈਂਟ ਗੁਰਦੁਆਰਾ ਬੋਰਡ, ਸ੍ਰ: ਸ਼ਰਨ ਸਿੰਘ ਸੋਢੀ, ਸ੍ਰ: ਹਰਜੀਤ ਸਿੰਘ ਕੜ੍ਹੇਵਾਲਾ, ਸ੍ਰ: ਸੁਖਵੰਤ ਸਿੰਘ ਜੱਗੀ ਗਿੱਲ ਆਦਿ ਦਾ ਧੰਨਵਾਦ ਕਰਦਿਆ ਰਾਗਾਤਮਿਕ ਕੀਰਤਨ ਦਰਬਾਰ ਦੀ ਸੋਭਾ ਵਧਾਉਣ ਲਈ ਸ਼ਮੂਲੀਅਤ ਕਰਨ ਲਈ ਉਚੇਚੇ ਤੌਰ ਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।