ਲੁਧਿਆਣਾ, 2 ਫਰ( ਪ੍ਰਿਤਪਾਲ ਸਿੰਘ ਪਾਲੀ )- ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਬਸੰਤ ਰਾਗ ਅਧਾਰਿਤ ਸ਼ਬਦ ਕੀਰਤਨ ਕੀਤੇ। ਮਾਘ ਦੇ ਮਹੀਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ “ਨਾਮ-ਸਿਮਰਨ” ਦੀਆਂ ਜੁਗਤਾਂ ਸਮਝਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ “ਜਵੱਦੀ ਟਕਸਾਲ” ਨੇ ਆਪਣੇ ਪ੍ਰਵਚਨਾਂ ‘ਚ ਇਕ-ਇਕ ਪੱਖ ਤੇ ਗੁਰਬਾਣੀ ਦੇ ਹਵਾਲਿਆਂ ਨਾਲ ਜੋਰ ਰੱਖਦਿਆਂ ਸਪੱਸ਼ਟ ਕੀਤਾ ਕਿ ਜੇਕਰ ਅਸੀਂ ਫੋਕਟ ਕਰਮਾਂ-ਧਰਮਾਂ ਨੂੰ ਛੱਡਕੇ, ਇਕ-ਚਿੱਤ, ਹੋ ਕੇ ਉਸ ਅਕਾਲ ਪੁਰਖ, ਪ੍ਰਿਤਪਾਲਕ, “ਵਾਹਿਗੁਰੂ” ਜੀ, ਜੋ ਕਿ ਕਿਰਪਾ ਦੇ ਖਜਾਨੇ ਹਨ, ਨਾਲ ਨਹੀਂ ਜੁੜਦੇ ਤਾਂ ਅਸੀਂ ਇਸ ਭਵਸਾਗਰ ਤੋਂ ਤਰ ਨਹੀਂ ਸਕਾਂਗੇ ਅਤੇ ਮੁੜ ਮੁੜ ਸਰੀਰ ਧਾਰਦੇ ਰਹਾਂਗੇ, ਮੁਕਤੀ ਨਹੀਂ ਹੋਵੇਗੀ। ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਜੇਕਰ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ ਤਾਂ ਉਸ ਦੀ ਦਰਗਾਹ ਵਿਚ ਕਬੂਲ ਵੀ ਨਹੀਂ ਹੋਵੇਗਾ। ਉਨ੍ਹਾਂ ਗੁਰਬਾਣੀ ਨਾਮ ਸਿਮਰਨ ਦੀਆਂ ਜੁਗਤਾਂ ਸਮਝਾਉਂਦਿਆਂ ਸਪੱਸ਼ਟ ਕੀਤਾ ਕਿ ਗੁਰੂ ਉਪਦੇਸ਼ ਦਾ ਗਿਆਨ ਲਈਏ ਅਤੇ ਉਸੇ ਦੇ ਨਾਮ ਦਾ ਸਿਮਰਨ ਕਰੀਏ। ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਰੋਸ਼ਨੀ ‘ਚ ਨਾਮ ਜਪਣ, ਗੁਰਬਾਣੀ ਸੁਣਨ ਅਤੇ ਗੁਰਬਾਣੀ ਸ਼ਬਦ ਰੂਪੀ ਨਾਮ ਦੀ ਭਿੱਖਿਆ ਮੰਗਣ ਤੇ ਜੋਰ ਦਿੱਤਾ ਅਤੇ ਸਮਝਾਇਆ ਕਿ ਇਸ ਨਾਲ ਅੰਤਰ-ਆਤਮਾਂ ‘ਚ ਅਨੰਦਮਈ ਰੱਬੀ ਸੰਗੀਤ ਪੈਦਾ ਹੋਵੇਗਾ ਅਤੇ ਨਾਮ ਰਸ ਝੜੇਗਾ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਇਹ ਤਦ ਹੀ ਸੰਭਵ ਹੋਵੇਗਾ, ਜੇਕਰ ਅਸੀਂ ਹਰ ਤਰ੍ਹਾਂ ਦਾ ਸੰਜਮ ਰੱਖਾਗੇ, ਗੁਰਬਾਣੀ ਸ਼ਬਦ ਦੇ ਨਾਮ ਦਾ ਅਖੰਡ ਜਾਪ ਜਪਾਂਵੇ। ਇਸ ਤਰ੍ਹਾਂ ਸਾਨੂੰ ਸਦੀਵੀ ਖ਼ੁਸ਼ੀਆਂ ਵੀ ਨਸੀਬ ਹੋਣਗੀਆਂ। ਉਨ੍ਹਾਂ ਮੁੜ ਸੁਚੇਤ ਕੀਤਾ ਕਿ ਜਦੋਂ ਤੱਕ ਸਾਡੇ ਮਨ ਦਾ ਇਕ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਤੀ ਪ੍ਰੇਮ ਨਹੀਂ ਤਾਂ ਕੀਤੇ ਗਏ ਫੋਕਟ ਧਰਮ-ਕਰਮ, ਭਾਵੇਂ ਅੱਖਾਂ ਮੀਟ ਕੇ ਕਿਨ੍ਹੀਆਂ ਵੀ ਸਮਾਧੀਆਂ ਲਾਈਏ, ਭਾਵੇਂ ਸੱਤਾਂ ਸਮੁੰਦਰਾਂ ਦਾ ਤੀਰਥ ਭ੍ਰਮਣ ਕਰਕੇ ਇਸ਼ਨਾਨ ਕਰਦੇ ਰਹੀਏ। ਮਹਾਂਪੁਰਸ਼ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਪੱਸ਼ਟ ਕੀਤਾ ਕਿ ਵਾਹਿਗੁਰੂ ਜੀ ਨਾਲ ਪ੍ਰੇਮ ਕਰੀਏ। ਪ੍ਰੇਮਾ ਭਗਤੀ ਨਾਲ ਉਸਨੂੰ ਪਾਇਆ ਜਾ ਸਕਦਾ ਹੈ।ਜਿਕਰਕਰਨਯੋਗ ਹੈ ਕਿ ਜਵੱਦੀ ਟਕਸਾਲ ਵਿਖੇ ਹਰ ਸਾਲ ਮਾਘ ਦੇ ਮਹੀਨੇ ਤੋਂ ਫੱਗਣ ਮਹੀਨੇ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ਤੱਕ ਰੋਜ਼ਾਨਾ ਸਾਮ 7:15 ਵਜੇ ਤੋਂ 8:15 ਵਜੇ ਤੱਕ ਸੰਗਤਾਂ ਰੋਜਾਨਾਂ ਨਾਮ ਸਿਮਰਨ ਸਮਾਗਮ ‘ਚ ਵੀ ਸੰਗਤਾਂ ਜੁੜਦੀਆਂ ਹਨ।